ਮੁੰਬਈ, 20 ਦਸੰਬਰ (ਪੀ.ਟੀ.ਆਈ.)-ਟੀ-20 ਵਿਸ਼ਵ ਕੱਪ 2026 ਲਈ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਹੈ | ਸਨਿਚਰਵਾਰ ਨੂੰ , ਮੁੰਬਈ ਵਿਚ ਬੀ.ਸੀ.ਸੀ.ਆਈ. ਹੈੱਡਕੁਆਰਟਰ ਵਿਚ, ਸਕੱਤਰ ਦੇਵਜੀਤ ਸੈਕੀਆ ਨੇ ਮੁੱਖ ਚੋਣਕਾਰ ਅਜੀਤ ਅਗਰਕਰ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਦੀ ਮੌਜੂਦਗੀ ਵਿਚ ਟੀਮ ਦਾ ਐਲਾਨ ਕੀਤਾ | ਅਕਸ਼ਰ ਪਟੇਲ ਨੂੰ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਸ਼ੁਭਮਨ ਗਿੱਲ ਨੂੰ ਬਾਹਰ ਕਰ ਦਿੱਤਾ ਗਿਆ ਹੈ | ਵਕਟਕੀਪਰ ਸੰਜੂ ਸੈਮਸਨ ਨੂੰ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ | ਈਸ਼ਾਨ ਕਿਸ਼ਨ ਅਤੇ ਰਿੰਕੂ ਸਿੰਘ ਨੂੰ ਵੀ ਟੀਮ ਵਿਚ ਮੌਕਾ ਮਿਲਿਆ ਹੈ | ਟੀਮ ਵਿਸ਼ਵ ਕੱਪ ਤੋਂ ਪਹਿਲਾਂ 21 ਜਨਵਰੀ ਤੋਂ ਨਿਊਜ਼ੀਲੈਂਡ ਵਿਰੁੱਧ ਪੰਜ ਮੈਚਾਂ ਦੀ ਟੀ-20 ਲੜੀ ਵੀ ਖੇਡੇਗੀ | ਟੀ-20 ਵਿਸ਼ਵ ਕੱਪ 7 ਫਰਵਰੀ ਨੂੰ ਕੋਲੰਬੋ ਵਿੱਚ ਪਾਕਿਸਤਾਨ ਤੇ ਨੀਦਰਲੈਂਡ ਵਿਚਕਾਰ ਮੈਚ ਨਾਲ ਸ਼ੁਰੂ ਹੋਵੇਗਾ | ਉਸੇ ਦਿਨ, ਭਾਰਤ ਆਪਣਾ ਪਹਿਲਾ ਮੈਚ ਵਾਨਖੇੜੇ ਸਟੇਡੀਅਮ ਵਿਚ ਅਮਰੀਕਾ ਵਿਰੁੱਧ ਖੇਡੇਗਾ | ਫਾਈਨਲ 8 ਮਾਰਚ, 2026 ਨੂੰ ਖੇਡਿਆ ਜਾਵੇਗਾ | ਸਥਾਨ ਦਾ ਫੈਸਲਾ ਬਾਅਦ ਵਿਚ ਕੀਤਾ ਜਾਵੇਗਾ |
ਭਾਰਤੀ ਟੀਮ ਚੋਣ ਲਈ ਮੁੱਖ ਗੱਲਾਂ-
ਭਾਰਤੀ ਟੀਮ ਦੇ ਛੇ ਖਿਡਾਰੀ ਪਹਿਲੀ ਵਾਰ ਟੀ-20 ਵਿਸ਼ਵ ਕੱਪ ਵਿਚ ਖੇਡਣਗੇ | ਨੌਂ ਖਿਡਾਰੀ ਪਹਿਲਾਂ ਹੀ ਟੀ-20 ਵਿਸ਼ਵ ਕੱਪ ਵਿਚ ਖੇਡ ਚੁੱਕੇ ਹਨ | ਚੋਣਕਾਰਾਂ ਨੇ ਸ਼ੁਭਮਨ ਗਿੱਲ ਨੂੰ ਟੀਮ ਵਿਚ ਸ਼ਾਮਲ ਨਹੀਂ ਕੀਤਾ, ਜਿਸਨੂੰ ਇੱਕ ਮਹੱਤਵਪੂਰਨ ਫੈਸਲਾ ਮੰਨਿਆ ਜਾ ਰਿਹਾ ਹੈ | ਉਹ ਫਾਰਮ ਤੋਂ ਬਾਹਰ ਹੈ | ਅਕਸ਼ਰ ਪਟੇਲ ਨੂੰ ਨਵਾਂ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ | ਅਕਸ਼ਰ ਪਹਿਲਾਂ ਟੀ-20 ਟੀਮ ਦੇ ਉਪ-ਕਪਤਾਨ ਵਜੋਂ ਸੇਵਾ ਨਿਭਾ ਚੁੱਕੇ ਹਨ, ਪਰ ਇਹ ਕਿਸੇ ਵੱਡੇ ਟੂਰਨਾਮੈਂਟ ਵਿਚ ਉਨ੍ਹਾਂ ਦਾ ਪਹਿਲਾ ਮੌਕਾ ਹੈ | ਸੰਜੂ ਸੈਮਸਨ ਅਤੇ ਈਸ਼ਾਨ ਕਿਸ਼ਨ ਦੋਵਾਂ ਨੂੰ ਵਿਕਟਕੀਪਿੰਗ ਡਿਊਟੀਆਂ ਲਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ | ਰਿੰਕੂ ਸਿੰਘ ਟੀਮ ਵਿਚ ਵਾਪਸ ਆਏ ਹਨ, ਅਤੇ ਮੱਧ ਕ੍ਰਮ ਅਤੇ ਫਿਨਿਸ਼ਰ ਵਜੋਂ ਮੁੱਖ ਭੂਮਿਕਾ ਨਿਭਾ ਸਕਦੇ ਹਨ | ਗਿੱਲ ਨੇ 18 ਪਾਰੀਆਂ ਵਿਚ ਇੱਕ ਵੀ ਅਰਧ ਸੈਂਕੜਾ ਨਹੀਂ ਬਣਾਇਆ ਹੈ | ਜਦੋਂ ਗਿੱਲ ਨੂੰ ਉਪ-ਕਪਤਾਨ ਨਿਯੁਕਤ ਕੀਤਾ ਗਿਆ, ਤਾਂ ਉਸਨੇ ਸੰਜੂ ਸੈਮਸਨ ਦੀ ਜਗ੍ਹਾ ਪਲੇਇੰਗ ਇਲੈਵਨ ਵਿਚ ਸ਼ਾਮਿਲ ਕੀਤਾ | ਹਾਲਾਂਕਿ, ਉਹ 18 ਪਾਰੀਆਂ ਵਿਚ ਇੱਕ ਵੀ ਅਰਧ ਸੈਂਕੜਾ ਬਣਾਉਣ ਵਿਚ ਅਸਫਲ ਰਿਹਾ, ਉਸਨੇ 135.12 ਦੇ ਸਟ੍ਰਾਈਕ ਰੇਟ ਨਾਲ 377 ਦੌੜਾਂ ਬਣਾਈਆਂ | ਉਹ ਲੱਤ ਦੀ ਸੱਟ ਕਾਰਨ ਦੱਖਣੀ ਅਫਰੀਕਾ ਵਿਰੁੱਧ ਆਖਰੀ ਟੀ-20 ਅੰਤਰਰਾਸ਼ਟਰੀ ਨਹੀਂ ਖੇਡ ਸਕਿਆ |
ਭਾਰਤ ਦੇ ਮੈਚ-ਭਾਰਤ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ 7 ਫਰਵਰੀ ਨੂੰ ਮੁੰਬਈ ਵਿਚ ਅਮਰੀਕਾ ਵਿਰੁੱਧ ਕਰੇਗਾ | ਇਸ ਤੋਂ ਬਾਅਦ 12 ਫਰਵਰੀ ਨੂੰ ਦਿੱਲੀ ਵਿਚ ਨਾਮੀਬੀਆ, 15 ਫਰਵਰੀ ਨੂੰ ਕੋਲੰਬੋ ਵਿਚ ਪਾਕਿਸਤਾਨ ਅਤੇ 18 ਫਰਵਰੀ ਨੂੰ ਅਹਿਮਦਾਬਾਦ ਵਿੱਚ ਨੀਦਰਲੈਂਡ ਵਿਰੁੱਧ ਮੈਚ ਹੋਣਗੇ |
ਖੇਡ ਸੰਸਾਰ
Free
ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ <br/>
ਅਜੀਤ ਡੈਸਕ
21-12-2025