ਲੰਡਨ, 1 ਜੂਨ (ਪੀ.ਟੀ.ਆਈ.)-ਭਾਜਪਾ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਨੇ ਐਤਵਾਰ ਨੂੰ ਕਿਹਾ ਕਿ ਸਰਬ-ਪਾਰਟੀ ਵਫ਼ਦ ਅੱਤਵਾਦ 'ਤੇ ਭਾਰਤ ਦੇ ਰੁਖ਼ ਨੂੰ 'ਪ੍ਰਭਾਵਸ਼ਾਲੀ ਢੰਗ ਨਾਲ' ਦੱਸੇਗਾ ਤੇ ਯੂ.ਕੇ. ਵਿਚ ਮੁੱਖ ਹਿੱਸੇਦਾਰਾਂ ਨਾਲ ਗੱਲਬਾਤ ਕਰੇਗਾ | ਪ੍ਰਸਾਦ ਦੀ ਅਗਵਾਈ ਵਾਲੀ ਨੌਂ ਮੈਂਬਰੀ ਟੀਮ ਯੂਰਪੀਅਨ ਦੌਰੇ ਦੇ ਹਿੱਸੇ ਵਜੋਂ ਤਿੰਨ ਦਿਨਾਂ ਦੌਰੇ ਲਈ ਇੱਥੇ ਪਹੁੰਚੀ | ਇਸ ਵਫ਼ਦ ਦਾ ਸਵਾਗਤ ਯੂ.ਕੇ. ਵਿਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਮੀ ਨੇ ਕੀਤਾ | ਇਹ ਵਫ਼ਦ ਹਾਊਸ ਆਫ਼ ਕਾਮਨਜ਼ ਦੇ ਸਪੀਕਰ ਲਿੰਡਸੇ ਹੋਇਲ ਤੇ ਵਿਦੇਸ਼, ਰਾਸ਼ਟਰਮੰਡਲ ਤੇ ਵਿਕਾਸ ਦਫ਼ਤਰ (ਐਫ.ਸੀ.ਡੀ.ਓ.) ਮੰਤਰੀ ਕੈਥਰੀਨ ਵੈਸਟ ਸਮੇਤ ਮੁੱਖ ਹਿੱਸੇਦਾਰਾਂ ਨਾਲ ਕਈ ਤਰ੍ਹਾਂ ਦੀਆਂ ਮੁਲਾਕਾਤਾਂ ਲਈ ਤਹਿ ਕੀਤਾ ਗਿਆ ਹੈ | ਬਹੁ-ਪਾਰਟੀ ਵਫ਼ਦ, ਜਿਸ ਵਿਚ ਸੰਸਦ ਮੈਂਬਰ ਦੱਗੂਬਤੀ ਪੁਰੰਦੇਸ਼ਵਰੀ, ਪਿ੍ਯੰਕਾ ਚਤੁਰਵੇਦੀ, ਗੁਲਾਮ ਅਲੀ ਖਟਾਨਾ, ਅਮਰ ਸਿੰਘ, ਸਮਿਕ ਭੱਟਾਚਾਰੀਆ, ਐਮ. ਥੰਬੀਦੁਰਾਈ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਐਮ.ਜੇ. ਅਕਬਰ ਅਤੇ ਰਾਜਦੂਤ ਪੰਕਜ ਸਰਨ ਸ਼ਾਮਿਲ ਹਨ, ਭਾਈਚਾਰਕ ਸਮੂਹਾਂ, ਥਿੰਕ ਟੈਂਕਾਂ, ਸੰਸਦ ਮੈਂਬਰਾਂ ਅਤੇ ਡਾਇਸਪੋਰਾ ਨੇਤਾਵਾਂ ਨਾਲ ਵੀ ਗੱਲਬਾਤ ਕਰੇਗਾ | 'ਫਰਾਂਸ, ਇਟਲੀ ਤੇ ਡੈਨਮਾਰਕ ਦੇ ਸਫਲ ਦੌਰਿਆਂ ਤੋਂ ਬਾਅਦ, ਮੈਂ ਸਰਬ-ਪਾਰਟੀ ਵਫ਼ਦ ਦੇ ਆਪਣੇ ਸਾਥੀਆਂ ਦੇ ਨਾਲ ਲੰਡਨ, ਯੂਨਾਈਟਿਡ ਕਿੰਗਡਮ ਪਹੁੰਚਿਆ ਹਾਂ,' ਰਵੀ ਸ਼ੰਕਰ ਪ੍ਰਸਾਦ ਨੇ ਇੱਕ ਸੋਸ਼ਲ ਮੀਡੀਆ ਬਿਆਨ ਵਿਚ ਕਿਹਾ | 31 ਮਈ ਤੋਂ 3 ਜੂਨ ਤੱਕ ਲੰਡਨ ਵਿਚ ਆਪਣੇ ਠਹਿਰਾਅ ਦੌਰਾਨ, ਅਸੀਂ ਅੱਤਵਾਦ 'ਤੇ ਆਪਣੇ ਸਟੈਂਡ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕਰਾਂਗੇ ਤੇ ਕਾਮਨਜ਼ ਸਪੀਕਰ ਲਿੰਡਸੇ ਹੋਇਲ, ਵਿਦੇਸ਼ ਮੰਤਰੀ (ਇੰਡੋ-ਪੈਸੀਫਿਕ) ਕੈਥਰੀਨ ਵੈਸਟ, ਯੂ.ਕੇ. ਦੇ ਸੰਸਦ ਮੈਂਬਰਾਂ, ਨੇਤਾਵਾਂ, ਥਿੰਕ ਟੈਂਕਾਂ, ਮੀਡੀਆ ਪ੍ਰਤੀਨਿਧੀਆਂ ਤੇ ਭਾਰਤੀ ਪ੍ਰਵਾਸੀਆਂ ਦੇ ਮੈਂਬਰਾਂ ਸਮੇਤ ਮੁੱਖ ਹਿੱਸੇਦਾਰਾਂ ਨਾਲ ਜੁੜਾਂਗੇ |
ਅੱਤਵਾਦ 'ਤੇ ਭਾਰਤ ਦੇ ਰੁਖ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦੱਸਣ ਲਈ ਯੂ. ਕੇ. ਆਇਆਂ-ਰਵੀ ਸ਼ੰਕਰ ਪ੍ਰਸਾਦ <br/>
ਅਜੀਤ ਡੈਸਕ
02-06-2025