ਅੰਮਿ੍ਤਸਰ, 1 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਆਪਣੀ ਜਿਸ ਪ੍ਰਮਾਣੂ ਸ਼ਕਤੀ ਦੇ ਆਧਾਰ 'ਤੇ ਗੁਆਂਢੀ ਮੁਲਕਾਂ ਭਾਰਤ ਤੇ ਅਫ਼ਗਾਨਿਸਤਾਨ ਨੂੰ ਵਾਰ-ਵਾਰ ਪ੍ਰਮਾਣੂ ਬੰਬ ਧਮਾਕਿਆਂ ਦੀਆਂ ਧਮਕੀਆਂ ਦਿੰਦਾ ਆ ਰਿਹਾ ਹੈ, ਹੁਣ ਪਾਕਿ ਸਰਕਾਰ ਨੇ ਆਪਣੀ ਉਸੇ ਪ੍ਰਮਾਣੂ ਸ਼ਕਤੀ ਦੇ ਜਨਕ ਨੂੰ ਦੇਸ਼ ਦਾ 'ਨਾਇਕ' ਮੰਨਣ ਤੋਂ ਇਨਕਾਰ ਕਰ ਦਿੱਤਾ ਹੈ | ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਰਾਜਨੀਤਕ ਤੇ ਜਨਤਕ ਮਾਮਲਿਆਂ ਦੇ ਸਲਾਹਕਾਰ ਰਾਣਾ ਸਨਾਉੱਲਾ ਖਾਨ ਨੇ ਅੱਜ ਇਕ ਵਿਸ਼ੇਸ਼ ਇੰਟਰਵਿਊ 'ਚ ਕਿਹਾ ਕਿ ਮੋਹਸਿਨ-ਏ-ਪਾਕਿਸਤਾਨ ਡਾ. ਅਬਦੁਲ ਕਾਦਿਰ ਖਾਨ ਨੂੰ 'ਹੀਰੋ' ਨਹੀਂ ਕਿਹਾ ਜਾ ਸਕਦਾ | ਸਨਾਉੱਲਾ ਨੇ ਕਿਹਾ ਕਿ ਡਾ. ਅਬਦੁਲ ਕਾਦਿਰ ਖਾਨ ਨੂੰ ਇਕ ਵਿਗਿਆਨੀ ਵਜੋਂ ਸਤਿਕਾਰਿਆ ਜਾਂਦਾ ਹੈ, ਪਰ ਉਨ੍ਹਾਂ ਨੂੰ ਇਕ ਹੀਰੋ ਜਾਂ ਨੇਤਾ ਨਹੀਂ ਮੰਨਿਆ ਜਾ ਸਕਦਾ | ਡਾ. ਏ.ਕਿਊ. ਖਾਨ ਨੂੰ ਸਰਕਾਰੀ ਪੱਧਰ 'ਤੇ ਨਜ਼ਰਅੰਦਾਜ਼ ਕੀਤੇ ਜਾਣ ਬਾਰੇ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਡਾ. ਕਾਦਿਰ ਨੂੰ ਉਹ ਮਾਨਤਾ ਮਿਲੀ ਹੈ ਜਿਸ ਦੇ ਉਹ ਹੱਕਦਾਰ ਹਨ | ਹਾਲਾਂਕਿ, ਪਾਕਿ ਨੂੰ ਪ੍ਰਮਾਣੂ ਸ਼ਕਤੀ ਬਣਾਉਣ ਪਿੱਛੇ ਅਸਲ ਨਾਇਕ ਨਵਾਜ਼ ਸ਼ਰੀਫ ਹਨ | ਉਨ੍ਹਾਂ ਦਲੀਲ ਦਿੱਤੀ ਕਿ ਇਹ ਸਮਝਣਾ ਮਹੱਤਵਪੂਰਨ ਹੈ ਕਿ ਕਈ ਦੇਸ਼ਾਂ ਤੇ ਵਿਗਿਆਨੀਆਂ ਨੇ ਪ੍ਰਮਾਣੂ ਬੰਬ ਵਿਕਸਤ ਕੀਤੇ ਹਨ | ਅਸਲ ਪ੍ਰਾਪਤੀ ਪ੍ਰਮਾਣੂ ਪ੍ਰੀਖਣ ਕਰਨ ਤੇ ਆਪਣੇ ਦੇਸ਼ ਨੂੰ ਪ੍ਰਮਾਣੂ ਸ਼ਕਤੀ ਐਲਾਲਣ ਦਾ ਫੈਸਲਾ ਲੈਣ ਵਾਲੇ ਦੀ ਹੈ | ਉਨ੍ਹਾਂ ਅੱਗੇ ਕਿਹਾ ਕਿ ਪਾਕਿ ਨੇ ਸਾਬਕਾ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਦੇ ਵੇਲੇ ਪ੍ਰਮਾਣੂ ਪ੍ਰੋਗਰਾਮ ਸ਼ੁਰੂ ਕੀਤਾ ਸੀ, ਪਰ ਪ੍ਰਮਾਣੂ ਬੰਬ ਪ੍ਰੀਖਣ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਅਗਵਾਈ 'ਚ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜੇ ਉਸ ਦਿਨ ਇਹ ਫੈਸਲਾ ਨਾ ਲਿਆ ਜਾਂਦਾ ਤਾਂ ਸ਼ਾਇਦ ਪਾਕਿ ਕਦੇ ਵੀ ਪ੍ਰਮਾਣੂ ਸ਼ਕਤੀ ਨਾ ਬਣ ਸਕਦਾ | ਰਾਣਾ ਸਨਾਉੱਲਾ ਨੇ ਇਹ ਵੀ ਕਿਹਾ ਕਿ ਜੋ ਵਿਰੋਧੀ ਪਾਰਟੀਆਂ ਇਹ ਦਾਅਵਾ ਕਰਦੀਆਂ ਹਨ ਕਿ ਨਵਾਜ਼ ਸ਼ਰੀਫ ਪ੍ਰਮਾਣੂ ਪ੍ਰੀਖਣਾਂ ਨੂੰ ਮਨਜ਼ੂਰੀ ਦੇਣ ਤੋਂ ਝਿਜਕਦੇ ਸਨ, ਉਹ ਈਰਖਾ ਤੇ ਨਫ਼ਰਤ ਨਾਲ ਇਹ ਪ੍ਰਚਾਰ ਕਰ ਰਹੇ ਹਨ |
ਪਾਕਿ ਨੂੰ ਪ੍ਰਮਾਣੂ ਸ਼ਕਤੀ ਬਣਾਉੁਣ ਵਾਲੇ ਡਾ. ਅਬਦੁਲ ਕਾਦਿਰ ਖਾਨ ਨੂੰ 'ਹੀਰੋ' ਨਹੀਂ ਕਿਹਾ ਜਾ ਸਕਦਾ-ਰਾਣਾ ਸਨਾਉੱਲਾ <br/>
ਅਜੀਤ ਡੈਸਕ
02-06-2025