ਸੈਕਰਾਮੈਂਟੋ, 1 ਜੂਨ (ਹੁਸਨ ਲੜੋਆ ਬੰਗਾ)- ਦੋ ਹਫਤੇ ਪਹਿਲਾਂ 16 ਮਈ ਨੂੰ ਨਿਊ ਓਰਲੀਨਜ਼ ਜੇਲ੍ਹ ਵਿਚੋਂ ਫਰਾਰ ਹੋਏ 10 ਕੈਦੀਆਂ ਦੀ ਘੱਟੋ-ਘੱਟ 14 ਲੋਕਾਂ ਨੇ ਸਹਾਇਤਾ ਕੀਤੀ। ਮਦਦਗਾਰਾਂ ਵਿਚ ਕੈਦੀਆਂ ਦੇ ਮਿੱਤਰ ਤੇ ਪਰਿਵਾਰਕ ਮੈਂਬਰ ਸ਼ਾਮਿਲ ਹਨ। ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਅਨੁਸਾਰ ਇਨ੍ਹਾਂ ਨੇ ਕੈਦੀਆਂ ਨੂੰ ਖਾਣਾ ਦਿੱਤਾ, ਨਕਦੀ ਦਿੱਤੀ, ਗੱਡੀਆਂ ਦਿੱਤੀਆਂ ਤੇ ਪਨਾਹ ਵੀ ਦਿੱਤੀ। ਕੁਝ ਕੈਦੀਆਂ ਨੂੰ ਤਾਂ ਭੱਜਣ ਤੋਂ ਪਹਿਲਾਂ ਵੀ ਮੱਦਦ ਮਿਲੀ। ਇਨ੍ਹਾਂ ਤੋਂ ਇਲਾਵਾ ਕੁਝ ਹੋਰ ਲੋਕਾਂ ਦੇ ਨਾਂਅ ਵੀ ਪੁਲਿਸ ਦੀ ਰਿਪੋਰਟ ਵਿਚ ਹਨ ਪਰੰਤੂ ਉਨ੍ਹਾਂ ਵਿਰੁੱਧ ਅਜੇ ਦੋਸ਼ ਆਇਦ ਨਹੀਂ ਕੀਤੇ ਗਏ। ਇਕ ਸਾਬਕਾ ਜੇਲ੍ਹ ਮੁਲਾਜ਼ਮ ਲੈਨਟਨ ਵੈਨਬੁਰੇਨ ਨਾਮੀ ਕੈਦੀ ਨੂੰ ਆਪਣੀ ਗੱਡੀ ਵਿਚ ਆਪਣੇ ਇਕ ਰਿਸ਼ਤੇਦਾਰ ਦੇ ਘਰ ਲੈ ਕੇ ਗਿਆ ਜਦ ਕਿ ਬਾਅਦ ਵਿਚ ਇਕ ਹੋਰ ਦੋਸਤ ਨੇ ਵੈਨਬੁਰੇਨ ਨੂੰ ਲੁੱਕਣ ਵਾਸਤੇ ਇਕ ਫਲੈਟ ਦਿੱਤਾ। ਪੁਲਿਸ ਅਨੁਸਾਰ ਕੁਝ ਨੇ ਐਪਸ ਰਾਹੀਂ ਪੈਸੇ ਭੇਜੇ ਤੇ ਪੁੱਛਗਿੱਛ ਦੌਰਾਨ ਝੂਠ ਬੋਲਿਆ। ਡੈਰਿਕ ਗਰੋਵਸ ਤੇ ਐਨਟੋਨੀ ਮੈਸੀ ਨਾਮੀ ਕੈਦੀ ਅਜੇ ਵੀ ਫਰਾਰ ਹਨ ਜਿਨ੍ਹਾਂ ਉਪਰ ਪੁਲਿਸ ਨੇ 50-50 ਹਜਾਰ ਡਾਲਰ ਦਾ ਇਨਾਮ ਰੱਖਿਆ ਹੈ।
ਨਿਊ ਓਰਲੀਨਜ਼ ਜੇਲ੍ਹ ਵਿਚੋਂ ਕੈਦੀਆਂ ਦੇ ਭੱਜਣ ਵਿਚ 14 ਲੋਕਾਂ ਨੇ ਕੀਤੀ ਸਹਾਇਤਾ
ਅਜੀਤ ਡੈਸਕ
02-06-2025