ਟੋਰਾਂਟੋ, 2 ਜੂਨ (ਹਰਜੀਤ ਸਿੰਘ ਬਾਜਵਾ)-ਬੀਤੇ ਦਿਨੀ ਟੀਮ ਫਾਰ ਇੰਟਰਟੇਨਮੈਂਟ ਦੇ ਹਰਜਿੰਦਰ ਗਿੱਲ, ਸੋਢੀ ਨਾਗਰਾ, ਮੇਜਰ ਗਾਖਲ ਤੇ ਉਨ੍ਹਾਂ ਦੀ ਟੀਮ ਵਲੋਂ ਕੈਨੇਡਾ ਦੇ ਵੱਡੇ ਸ਼ਹਿਰ ਟੋਰਾਂਟੋ ਵਿਖੇ ਕਰਵਾਏ ਇੱਕ ਸਮਾਗਮ ਦੌਰਾਨ ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਿੱਥੇ ਕਿ ਵੱਡੀ ਗਿਣਤੀ ਦਰਸ਼ਕਾਂ ਨੇ ਮਸਤੀ ਨਾਲ ਉਸਦੇ ਗੀਤਾਂ 'ਤੇ ਭੰਗੜਾ ਵੀ ਪਾਇਆ | ਇਸ ਮੌਕੇ ਪੀਲ ਡਿਸਟਿ੍ਕਟ ਬੋਰਡ ਦੇ ਡਿਪਟੀ ਚੇਅਰਮੈਨ ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਹਰਭਜਨ ਮਾਨ ਪੰਜਾਬੀ ਸਟੇਜ ਤੇ ਸਿਨੇਮਾ ਦਾ ਇੱਕ ਸਤਿਕਾਰਤ ਨਾਮ ਹੈ ਜਿਸਨੇ ਪੰਜਾਬੀ ਗਾਇਕੀ ਦੇ ਖੇਤਰ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਹੈ | ਸਮਾਗਮ ਦੌਰਾਨ ਸਟੇਜ 'ਤੇ ਕੁਝ ਗੀਤਾਂ ਵਿਚ ਨੌਜਵਾਨ ਗਾਇਕ ਤੇ ਉੱਘੇ ਕਵੀਸ਼ਰ ਮਰਹੂਮ ਰਣਜੀਤ ਸਿੰਘ ਸਿੱਧਵਾਂ ਦੇ ਪੋਤਰੇ ਤੇ ਸਤਿੰਦਰਪਾਲ ਸਿੰਘ ਸਿੱਧਵਾਂ ਦੇ ਪੁੱਤਰ ਨਵੀ ਸਿੱਧੂ ਨੇ ਵੀ ਹਰਭਜਨ ਮਾਨ ਦਾ ਸਾਥ ਦਿੱਤਾ | ਹਰਭਜਨ ਮਾਨ ਨੇ ਆਪਣੇ ਸਾਫ ਸੁਥਰੇ ਤੇ ਨਵੇਂ-ਪੁਰਾਣੇ ਗੀਤਾਂ ਨਾਲ ਦਰਸ਼ਕਾਂ ਨੂੰ ਕੀਲ ਕੇ ਬਿਠਾਈ ਰੱਖਿਆ | ਅੰਤ ਵਿਚ ਹਰਜਿੰਦਰ ਗਿੱਲ, ਸੋਢੀ ਨਾਗਰਾ ਅਤੇ ਮੇਜਰ ਗਾਖਲ ਵੱਲੋਂ ਸਭਨਾਂ ਦਾ ਧੰਨਵਾਦ ਵੀ ਕੀਤਾ ਗਿਆ |