ਕੈਲਗਰੀ, 2 ਜੂਨ (ਜਸਜੀਤ ਸਿੰਘ ਧਾਮੀ)-ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ | ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸਾਰਾ ਦਿਨ ਦੀਵਾਨ ਸਜਾਏ ਗਏ | ਇਸ ਸਮੇਂ ਭਾਈ ਹਰਪਾਲ ਸਿੰਘ, ਖਾਲਸਾ ਸਕੂਲ ਦੇ ਬੱਚੇ, ਗਿਆਨੀ ਭਾਈ ਬਲਬੀਰ ਸਿੰਘ ਗਰੌਹ, ਭਾਈ ਜਗਦੇਵ ਸਿੰਘ ਜਾਚਕ, ਭਾਈ ਗੁਰਇਕਬਾਲ ਸਿੰਘ, ਭਾਈ ਜਗਦੀਪ ਸਿੰਘ, ਭਾਈ ਗੁਰਜੀਤ ਸਿੰਘ ਅਤੇ ਭਾਈ ਕੁਲਵਿੰਦਰ ਸਿੰਘ ਹੁਰਾਂ ਗੁਰਬਾਣੀ ਕੀਰਤਨ ਦੁਆਰਾ ਸ਼ਹੀਦੀ ਇਤਿਹਾਸ ਨਾਲ ਜੋੜਿਆ | ਇਸ ਸਮੇਂ ਬੀਬੀ ਮਨਿੰਦਰ ਕੌਰ ਹੁਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਪ੍ਰਤੀ ਸੰਗਤਾਂ ਨੂੰ ਅਪੀਲ ਕੀਤੀ ਕਿ ਜਦੋਂ ਤੁਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਘਰਾਂ ਵਿਚੋਂ ਜਾਂ ਕਿਸੇ ਹੋਰ ਸਥਾਨ 'ਤੇ ਲਿਜਾਂਦੇ ਹੋ ਤਾਂ ਮਰਿਆਦਾ ਦਾ ਧਿਆਨ ਜਰੂਰ ਰੱਖਿਆ ਕਰੋ | ਇਸ ਮੌਕੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਗੁਰੂ ਨਾਨਕ ਫ੍ਰੀ ਕਿਚਨ ਤੇ ਸਿੱਖ ਮੋਟਰਸਾਈਕਲ ਰਾਈਡਰਜ਼ ਕੈਲਗਰੀ ਵਲੋਂ ਛਬੀਲਾਂ ਦੀ ਸੇਵਾ ਕੀਤੀ ਗਈ | ਪ੍ਰੋਗਰਾਮ ਸਮੇਂ ਸਟੇਜ ਸਕੱਤਰ ਦੀ ਸੇਵਾ ਭਾਈ ਪ੍ਰਦੀਪ ਸਿੰਘ ਬੈਨੀਪਾਲ ਹੁਰਾਂ ਨੇ ਨਿਭਾਈ |