ਲੰਡਨ, 2 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਵਿਚ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ 'ਤੇ ਉਸ ਸਮੇਂ ਦੀ ਕਾਂਗਰਸ ਸਰਕਾਰ ਦੀ ਸ਼ਹਿ 'ਤੇ ਭਾਰਤੀ ਫੌਜ ਵਲੋਂ ਕੀਤੇ ਹਮਲੇ ਦੀ 41ਵੀਂ ਵਰ੍ਹੇਗੰਢ ਮੌਕੇ ਸਿੱਖਾਂ ਵਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ | ਜਿਸ ਵਿਚ ਬਰਤਾਨੀਆਂ ਦੀ ਲੇਬਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ 31 ਜੁਲਾਈ 2025 ਤੱਕ ਬਰਤਾਨੀਆਂ ਸਰਕਾਰ ਦੀ 1984 ਘੱਲੂਘਾਰੇ ਵਿਚ ਭੂਮਿਕਾ ਦੀ ਜਨਤਕ ਜਾਂਚ ਸ਼ੁਰੂ ਨਾ ਕੀਤੀ ਤਾਂ 1 ਅਗਸਤ ਤੋਂ ਜਾਂਚ ਦਾ ਵਿਰੋਧ ਕਰਨ ਵਾਲੇ ਸਾਂਸਦਾਂ ਦਾ ਵਿਰੋਧ ਸ਼ੁਰੂ ਕੀਤਾ ਜਾਵੇਗਾ | ਹਜ਼ਾਰਾਂ ਸਿੱਖ ਸਵੇਰੇ ਵੈਲਿੰਗਟਨ ਆਰਚ ਵਿਖੇ ਇਕੱਠੇ ਹੋਣੇ ਸ਼ੁਰੂ ਹੋਏ ਤੇ ਮਾਰਚ ਕਰਦਿਆਂ ਟ੍ਰੈਫਲਗਰ ਸਕੁਏਅਰ ਪਹੁੰਚੇ, ਜਿੱਥੇ ਇਨਸਾਫ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਸਿੱਖਾਂ ਨਾਲ ਭਾਰਤ ਵਿਚ ਹੋਈਆਂ ਵਧੀਕੀਆਂ ਤੇ ਹੁਣ ਤੱਕ ਇਨਸਾਫ ਨਾ ਦਿੱਤੇ ਜਾਣ ਬਾਰੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ | ਰੋਸ ਪ੍ਰਦਰਸ਼ਨ ਵਿਚ ਸਾਊਥਾਲ, ਬ੍ਰਮਿੰਘਮ, ਕਵੈਂਟਰੀ, ਡਰਬੀ, ਇਲਫੋਰਡ ਤੇ ਵੁਲਵਰਹੈਂਪਟਨ, ਸਲੋਹ ਆਦਿ ਸ਼ਹਿਰਾਂ ਤੋਂ ਹਜ਼ਾਰਾਂ ਸਿੱਖਾਂ ਨੇ ਸ਼ਮੂਲੀਅਤ ਕੀਤੀ | ਰੋਸ ਰੈਲੀ ਨੂੰ ਐਫ. ਐਸ. ਓ. ਦੇ ਕੋਆਰਡੀਨੇਟਰ ਭਾਈ ਜੋਗਾ ਸਿੰਘ, ਭਾਈ ਕੁਲਦੀਪ ਸਿੰਘ ਚਹੇੜੂ, ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਅਮਰੀਕ ਸਿੰਘ ਗਿੱਲ, ਭਾਈ ਮਨਿੰਦਰ ਸਿੰਘ ਕੈਨੇਡਾ, ਭਾਈ ਦਬਿੰਦਰਜੀਤ ਸਿੰਘ, ਡਾ: ਗੁਰਤੇਜ ਸਿੰਘ ਅਮਰੀਕਾ, ਬਲਵਿੰਦਰ ਸਿੰਘ ਵੁਲਵਰਹੈਂਪਟਨ, ਮਨਪ੍ਰੀਤ ਸਿੰਘ ਖਾਲਸਾ, ਨਰਿੰਦਰਜੀਤ ਸਿੰਘ ਥਾਂਦੀ, ਜਸ ਸਿੰਘ ਡਰਬੀ, ਹਰਵਿੰਦਰ ਸਿੰਘ, ਬਸੰਤ ਕੌਰ, ਸੁਰਿੰਦਰ ਕੌਰ, ਗੁਰਪ੍ਰਤਾਪ ਸਿੰਘ ਢਿਲੋਂ ਆਦਿ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਭਾਈ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਯੂ.ਕੇ. ਦੇ 400 ਤੋਂ ਵੱਧ ਗੁਰਦੁਆਰਿਆਂ ਤੇ ਸਿੱਖ ਸੰਗਠਨਾਂ ਨੇ 31 ਮਾਰਚ 2025 ਨੂੰ ਕੀਰ ਸਟਾਰਮਰ ਨੂੰ ਪੱਤਰ ਲਿਖ ਕੇ ਇੱਕ ਸੁਤੰਤਰ ਜਨਤਕ ਜਾਂਚ ਕਰਵਾਉਣ ਦੀ ਉਨ੍ਹਾਂ ਦੀ ਲਿਖਤੀ ਵਚਨਬੱਧਤਾ ਨੂੰ ਮੁੜ ਯਾਦ ਕਰਵਾਇਆ ਗਿਆ | ਇਸ ਮੌਕੇ ਭਾਈ ਹਰਦੀਸ਼ ਸਿੰਘ, ਤਰਸੇਮ ਸਿੰਘ ਦਿਓਲ, ਜਸਪਾਲ ਸਿੰਘ ਬੈਂਸ, ਜਤਿੰਦਰ ਸਿੰਘ ਬਾਸੀ, ਰਘਬੀਰ ਸਿੰਘ ਬੀਰਾ, ਗੁਰਨਾਮ ਸਿੰਘ ਆਦਿ ਵੀ ਹਾਜ਼ਰ ਸਨ |