ਅੰਮਿ੍ਤਸਰ, 5 ਸਤੰਬਰ (ਸੁਰਿੰਦਰ ਕੋਛੜ)-ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਦੇ ਬਾਹਰ ਮੀਡੀਆ ਨਾਲ ਗੱਲਬਾਤ ਦੌਰਾਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਭੈਣ ਅਲੀਮਾ ਖ਼ਾਨ 'ਤੇ ਇਕ ਅੰਡਾ ਸੁੱਟਿਆ ਗਿਆ | ਅਲੀਮਾ ਅਡਿਆਲਾ ਜੇਲ੍ਹ ਦੇ ਅੰਦਰ ਕੈਦ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਸੰਸਥਾਪਕ ਇਮਰਾਨ ਖਾਨ ਨਾਲ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੀ ਸੀ ਜਦੋਂ 2 ਅਣਪਛਾਤੀਆਂ ਔਰਤਾਂ ਨੇ ਅਚਾਨਕ ਉਨ੍ਹਾਂ 'ਤੇ ਅੰਡਾ ਸੁੱਟਿਆ, ਜਿਸ ਨਾਲ ਤੁਰੰਤ ਹਫੜਾ-ਦਫੜੀ ਮਚ ਗਈ | ਪੀ. ਟੀ. ਆਈ. ਵਰਕਰਾਂ ਨੇ ਅਲੀਮਾ ਖ਼ਾਨ ਨੂੰ ਹੋਰ ਹਮਲਿਆਂ ਤੋਂ ਬਚਾਉਣ ਲਈ ਜਲਦੀ ਹੀ ਘੇਰੇ 'ਚ ਲੈ ਲਿਆ | ਗੁੱਸੇ 'ਚ ਆ ਕੇ ਕਈ ਵਰਕਰ ਜਵਾਬੀ ਕਾਰਵਾਈ ਲਈ ਔਰਤਾਂ ਵੱਲ ਵਧੇ | ਹਾਲਾਂਕਿ, ਪੁਲਿਸ ਨੇ ਤੁਰੰਤ ਦਖ਼ਲ ਦੇ ਕੇ ਦੋਵਾਂ ਔਰਤਾਂ ਨੂੰ ਹਿਰਾਸਤ 'ਚ ਲੈ ਲਿਆ | ਪੁਲਿਸ ਨੇ ਦਾਅਵਾ ਕੀਤਾ ਕਿ ਮਹਿਲਾ ਹਮਲਾਵਰ ਅਸਲ 'ਚ ਪੀ. ਟੀ. ਆਈ. ਨਾਲ ਸੰਬੰਧਿਤ ਹਨ | ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੀਡੀਆ ਨਾਲ ਗੱਲਬਾਤ ਦੌਰਾਨ ਅਲੀਮਾ ਖ਼ਾਨ ਵਲੋਂ ਉਕਤ ਔਰਤਾਂ ਦੇ ਸਵਾਲਾਂ ਦੇ ਜਵਾਬ ਨਾ ਦੇਣ ਤੋਂ ਬਾਅਦ ਉਨ੍ਹਾਂ 'ਤੇ ਅੰਡਾ ਸੁੱਟਿਆ ਗਿਆ |