ਮੈਲਬੋਰਨ, 6 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ 'ਚ ਗਲੋਬਲ ਪਬਲਿਕ ਹੈਲਥ ਸੰਸਥਾਂ ਵੱਲੋਂ ਕੀਤੇ ਗਏ ਅਧਿਐਨ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਪਰਿਵਾਰਾਂ ਵੱਲੋਂ ਮਾਦਾ ਭਰੂਣ ਦਾ ਗਰਭਪਾਤ ਹੋਰ ਸਭ ਕੌਮਾਂ ਦੇ ਮੁਕਾਬਲੇ ਸਭ ਤੋਂ ਵੱਧ ਦਰ 'ਤੇ ਹੋ ਰਿਹਾ ਹੈ | ਇਹ ਰੁਝਾਨ ਨਾ ਸਿਰਫ਼ ਚਿੰਤਾਜਨਕ ਹੈ ਸਗੋਂ ਸਮਾਜਕ ਤੇ ਨੈਤਿਕ ਪੱਧਰ 'ਤੇ ਵੀ ਗੰਭੀਰ ਪ੍ਰਸ਼ਨ ਖੜ੍ਹੇ ਕਰਦਾ ਹੈ | ਆਸਟ੍ਰੇਲੀਆ 'ਚ ਗਰਭਪਾਤ ਨੂੰ ਕਾਨੂੰਨੀ ਮਾਨਤਾ ਹੈ, ਪਰ ਕਿਸੇ ਵੀ ਲਿੰਗ-ਵਿਸ਼ੇਸ਼ ਦੇ ਅਧਾਰ 'ਤੇ ਗਰਭਪਾਤ ਕਰਵਾਉਣ ਨੂੰ ਸਮਾਜਕ ਤੌਰ 'ਤੇ ਗਲਤ ਮੰਨਿਆ ਜਾਂਦਾ ਹੈ | ਜ਼ਿਆਦਾਤਰ ਆਸਟ੍ਰੇਲੀਆਈ ਲੋਕ ਅਕਸਰ ਇਸ ਤਰ੍ਹਾਂ ਦੇ ਫ਼ੈਸਲੇ ਨਹੀਂ ਲੈਂਦੇ ਜਦਕਿ ਭਾਰਤੀ ਮੂਲ ਦੇ ਲੋਕਾਂ 'ਚ ਇਹ ਪ੍ਰਵਿਰਤੀ ਸਭ ਤੋਂ ਵੱਧ ਦਰਜ ਕੀਤੀ ਗਈ ਹੈ | ਮਾਹਿਰਾਂ ਦਾ ਮੰਨਣਾ ਹੈ ਕਿ ਇਹ ਰੁਝਾਨ ਨਾ ਸਿਰਫ਼ ਲਿੰਗ ਅਸਮਾਨਤਾ ਨੂੰ ਵਧਾਵੇਗਾ ਸਗੋਂ ਭਵਿੱਖ 'ਚ ਸਮਾਜਕ ਸੰਤੁਲਨ ਲਈ ਵੀ ਵੱਡੀ ਚੁਣੌਤੀ ਬਣ ਸਕਦਾ ਹੈ |