ਲੰਡਨ, 26 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੱਛਮੀ ਲੰਡਨ ਦੇ ਵੱਖ-ਵੱਖ ਭਾਈਚਾਰਿਆਂ ਦੀਆਂ ਔਰਤਾਂ ਦੇ ਇਕ ਸਮੂਹ ਨੇ ਸਾਊਥਾਲ ਟਾਊਨ ਹਾਲ ਵਿਖੇ ਬੀਤੇ ਦਿਨੀ ਵੈਸਟ ਮਿਡਲੈਂਡ 'ਚ ਇਕ ਬਰਤਾਨਵੀ ਸਿੱਖ ਔਰਤ 'ਤੇ ਹੋਏ ਨਸਲੀ ਤੇ ਜਬਰ ਜਨਾਹ ਦੇ ਰੋਸ ਵਜੋਂ ਇਕੱਤਰ ਹੋ ਕੇ ਅਜੇਹੇ ਹਮਲਿਆਂ ਵਿਰੁੱਧ ਅਵਾਜ਼ ਬੁਲੰਦ ਕੀਤੀ | ਇਸ ਏਕਤਾ ਸਭਾ 'ਚ ਇਕੱਤਰ ਮਹਿਲਾਵਾਂ ਨੇ ਔਰਤਾਂ ਨੂੰ ਨਿਆਂ ਅਤੇ ਸਨਮਾਨ ਦਿੱਤੇ ਜਾਣ ਦੀ ਮੰਗ ਕਰਦਿਆਂ ਤੇ ਔਰਤਾਂ ਅਤੇ ਕੁੜੀਆਂ ਵਿਰੁੱਧ ਨਸਲਵਾਦ ਤੇ ਹਿੰਸਾ ਦੇ ਖਾਤਮੇ ਦੀ ਮੰਗ ਕੀਤੀ | ਇਸ ਸਮਾਗਮ 'ਚ ਈਲਿੰਗ ਕੌਂਸਲ ਦੀ ਅਪਰਾਧ ਤੇ ਸਮਾਜ-ਵਿਰੋਧੀ ਵਿਭਾਗ ਦੀ ਕੈਬਨੈੱਟ ਮੈਂਬਰ ਜਸਬੀਰ ਕੌਰ ਆਨੰਦ, ਆਇਸ਼ਾ ਰਜ਼ਾ, ਫਾਦੁਮਾ ਮੁਹੰਮਦ, ਅਤੇ ਡੀ ਮਾਰਟਿਨ, ਨਾਲ ਹੀ ਭਾਈਚਾਰਕ ਆਗੂ ਅਤੇ ਹਿਲਿੰਗਡਨ ਦੀ ਕੌਂਸਲਰ ਕਮਲਪ੍ਰੀਤ ਕੌਰ, ਵੋਇਸ ਆਫ਼ ਵੁਮੈਨ ਗਰੁੱਪ ਦੇ ਮੈਂਬਰ ਅਤੇ ਸ਼ਿਵਦੀਪ ਕੌਰ ਢੇਸੀ ਨੇ ਹਿੱਸਾ ਲਿਆ | ਕੌਂਸਲਰ ਆਨੰਦ ਨੇ ਕਿਹਾ ਕਿ ਓਲਡਬਰੀ 'ਚ ਸਿੱਖ ਲੜਕੀ 'ਤੇ ਹਮਲਾ ਸੱਚਮੁੱਚ ਹੈਰਾਨ ਕਰਨ ਵਾਲਾ ਅਤੇ ਦਿਲ ਤੋੜਨ ਵਾਲਾ ਹੈ | ਕੌਂਸਲਰ ਰਜ਼ਾ ਤੇ ਕੌਂਸਲਰ ਕਮਲਪ੍ਰੀਤ ਕੌਰ ਨੇ ਕਿਹਾ ਭਿਆਨਕ ਘਟਨਾ ਦੀ ਨਿੰਦਾ ਕੀਤੀ ਤੇ ਨਿਆਂ ਨਾ ਮਿਲਣ ਤੱਕ ਲੜਾਈ ਜਾਰੀ ਰੱਖਣ ਦੀ ਗੱਲ ਕਹੀ |