ਅੰਮਿ੍ਤਸਰ, 1 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜਮੀਅਤ ਉਲੇਮਾ-ਏ-ਇਸਲਾਮ (ਐੱਫ.) ਦੇ ਮੁਖੀ ਮੌਲਾਨਾ ਫਜ਼ਲੁਰ ਜਿਨ੍ਹਾਂ ਨੂੰ ਪਾਕਿ 'ਚ ਮੌਲਾਨਾ ਡੀਜ਼ਲ ਵੀ ਕਿਹਾ ਜਾਂਦਾ ਹੈ, ਨੇ ਅਫ਼ਗਾਨਿਸਤਾਨ ਨਾਲ ਤਣਾਅ ਨੂੰ ਲੈ ਕੇ ਪਾਕਿਸਤਾਨੀ ਫ਼ੌਜ ਦੀ ਸਖ਼ਤ ਆਲੋਚਨਾ ਕੀਤੀ ਹੈ | ਅਫ਼ਗਾਨਿਸਤਾਨ ਵਿਰੁੱਧ ਹਮਲਾਵਰ ਫ਼ੌਜੀ ਮੁਹਿੰਮ 'ਤੇ ਬੋਲਦੇ ਹੋਏ ਮੌਲਾਨਾ ਨੇ ਕਿਹਾ ਕਿ ਪਾਕਿਸਤਾਨ ਇਕ ਹੋਰ ਆਤਮਘਾਤੀ ਜੰਗ ਬਰਦਾਸ਼ਤ ਨਹੀਂ ਕਰ ਸਕਦਾ | ਉਨ੍ਹਾਂ ਨੇ ਸਖ਼ਤ ਲਹਿਜ਼ੇ 'ਚ ਕਿਹਾ ਕਿ ਪਾਕਿਸਤਾਨੀਆਂ ਨੂੰ ਸੰਨ 1971 ਦੇ ਬੰਗਲਾਦੇਸ਼ ਤੇ 1999 ਦੇ ਕਾਰਗਿਲ ਯੁੱਧਾਂ ਨੂੰ ਜਨਰਲ ਪਰਵੇਜ਼ ਮੁਸ਼ੱਰਫ਼ ਅਤੇ ਪਾਕਿਸਤਾਨੀ ਫ਼ੌਜ ਦੇ ਹੋਰਾਂ ਦੁਆਰਾ ਲਾਪਰਵਾਹੀ ਭਰੀਆਂ ਕਾਰਵਾਈਆਂ ਦੀਆਂ ਉਦਾਹਰਨਾਂ ਵਜੋਂ ਨਹੀਂ ਭੁੱਲਣਾ ਚਾਹੀਦਾ, ਜਿਨ੍ਹਾਂ ਨੇ ਦੇਸ਼ ਦੀ ਵਿਸ਼ਵ-ਵਿਆਪੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਇਆ | ਮੌਲਾਨਾ ਨੇ ਕਿਹਾ ਕਿ ਸਰਹੱਦਾਂ 'ਤੇ ਲੜਨ ਦੀ ਬਜਾਏ ਫ਼ੌਜ ਨੂੰ ਖ਼ੈਬਰ ਪਖਤੂਨਖਵਾ 'ਚ ਅੱਤਵਾਦ, ਆਰਥਿਕ ਪਤਨ ਅਤੇ ਸ਼ਾਸਨ ਅਧਰੰਗ ਨੂੰ ਸੰਬੋਧਨ ਕਰਨਾ ਚਾਹੀਦਾ ਹੈ |