ਟੋਰਾਂਟੋ, 1 ਨਵੰਬਰ (ਹਰਜੀਤ ਸਿੰਘ ਬਾਜਵਾ)-ਬੱਚਿਆਂ ਦਾ ਹਰਮਨ ਪਿਆਰਾ ਤਿਉਹਾਰ 'ਹੈਲੋਵੀਨ' ਇੱਥੇ ਹਰ ਵਰਗ ਦੇ ਲੋਕਾਂ ਵਲੋਂ ਬੜੀ ਧੂਮਧਾਮ ਤੇ ਸਦਭਾਵਨਾ ਨਾਲ ਮਨਾਇਆ ਗਿਆ | ਸਦੀਆਂ ਤੋਂ ਆਇਰਲੈਂਡ ਤੋਂ ਸ਼ੁਰੂ ਹੋਏ ਇਸ ਤਿਉਹਾਰ ਨੂੰ ਪੂਰੇ ਯੂਰਪ ਸਮੇਤ ਅਮਰੀਕਾ ਕੈਨੇਡਾ ਤੇ ਹੋਰ ਦੇਸ਼ਾਂ ਵਿਚ ਵੀ ਮਨਾਇਆ ਜਾਂਦਾ ਹੈ, ਜੋਕਿ ਹੁਣ ਇਹ ਸਾਰਿਆਂ ਦਾ ਸਾਂਝਾ ਤਿਉਹਾਰ ਬਣ ਗਿਆ ਹੈ | ਭੂਤਾਂ, ਪ੍ਰੇਤਾਂ ਦੀ ਮਨੁੱਖੀ ਜ਼ਿੰਦਗੀ ਵਿਚ ਹੋਂਦ ਨੂੰ ਦਰਸਾਉਣ ਵਾਲਾ ਇਹ ਤਿਉਹਾਰ ਭਾਵੇਂ ਕਿਸੇ ਵੀ ਮਕਸਦ ਨਾਲ ਕਿਉਂ ਨਾਂ ਸ਼ੁਰੂ ਕੀਤਾ ਹੋਵੇ ਪਰ ਅੱਜ ਦੀ ਸਦੀ ਵਿਚ ਇਹ ਤਿਉਹਾਰ ਜਿੱਥੇ ਬੱਚਿਆਂ ਦਾ ਬੇਹੱਦ ਹਰਮਨ ਪਿਆਰਾ ਤਿਉਹਾਰ ਹੈ ਉੱਥੇ ਹੀ ਵਪਾਰਕ ਪੱਖੋਂ ਵੀ ਇਸਦੀ ਵਿਸ਼ੇਸ਼ ਮਾਨਤਾ ਕਹੀ ਜਾ ਸਕਦੀ ਹੈ ਕਿਉਂਕਿ ਇਨ੍ਹਾਂ ਦਿਨਾਂ ਵਿਚ ਹੈਲੋਵੀਨ ਨਾਲ ਸਬੰਧਿਤ ਲੱਖਾਂ ਕਰੋੜਾ ਡਾਲਰਾਂ ਦਾ ਵਪਾਰ ਵੀ ਹੁੰਦਾ ਹੈ ਤੇ ਕਈ ਦਿਨ ਪਹਿਲਾਂ ਹੀ ਲੋਕਾਂ ਵਲੋਂ ਹੈਲੋਵੀਨ ਨਾਲ ਸਬੰਧਿਤ ਸਮਾਨ ਦੀ ਖਰੀਦੋ-ਫਰੋਖਤ ਸ਼ੁਰੂ ਹੋ ਜਾਂਦੀ ਹੈ | ਲੋਹੜੀ ਦੇ ਤਿਉਹਾਰ ਦੀ ਤਰ੍ਹਾਂ ਬੱਚੇ ਇਸ ਦਿਨ ਘਰ-ਘਰ ਜਾ ਕੇ 'ਟਰਿੱਕ ਏ, ਟਰੀਟ, ਸਮੈੱਲ ਮਾਈ ਫੀਟ, ਗਿਵ ਵੀ ਸਮ-ਥਿੰਗ ਗੁੱਡ ਟੂ ਈਟ,' ਕਹਿ ਕੇ ਹੈਲੋਵੀਨ ਮੰਗਦੇ ਹਨ ਤੇ ਉਹ ਕੈਂਡੀਆਂ(ਟੌਫੀਆਂ), ਬਿਸਕੁਟ, ਚਿਪਸ ਤੇ ਹੋਰ ਅਜਿਹੀਆਂ ਵਸਤਾਂ ਦੇ ਬੈੱਗ ਭਰ ਲੈਂਦੇ ਹਨ ਜਿਸ ਲਈ ਦੁਕਾਨਾਂ 'ਤੇ ਇਨ੍ਹਾਂ ਵਸਤਾਂ ਦੇ ਨਾਲ-ਨਾਲ ਡਰਾਉਂਣੀ ਵੇਸਭੂਸਾ ਵਾਲਾ ਸਮਾਨ ਤੇ ਮਿੱਠੇ ਕੱਦੂ(ਪੰਪਕਿਨ) ਆਦਿ ਦੀ ਵਿਕਰੀ ਵੀ ਜ਼ੋਰਾਂ ਸ਼ੋਰਾਂ ਨਾਲ ਹੁੰਦੀ ਹੈ | ਇਸ ਵਾਰ ਹਲਕੀ-ਹਲਕੀ ਪੈ ਰਹੀ ਠੰਢ ਦੇ ਬਾਵਜੂਦ ਵੀ ਗਲੀਆਂ ਵਿਚ ਬੱਚਿਆਂ ਦੀਆਂ ਕਾਫੀ ਭੀੜਾਂ ਵੇਖਣ ਨੂੰ ਮਿਲੀਆਂ |