ਸੈਕਰਾਮੈਂਟੋੋ, 21 ਨਵੰਬਰ (ਹੁਸਨ ਲੜੋਆ ਬੰਗਾ)-ਬਹੁਤ ਸਮੇਂ ਤੋਂ ਅਮਰੀਕੀ ਅਰਥ ਵਿਵਸਥਾ ਬਾਰੇ ਉਡੀਕੀ ਜਾ ਰਹੀ ਰਿਪੋਰਟ ਜਾਰੀ ਕਰ ਦਿੱਤੀ ਗਈ ਹੈ | ਇਸ ਰਿਪੋਰਟ ਅਨੁਸਾਰ ਸਤੰਬਰ ਮਹੀਨੇ ਵਿਚ 1,19,000 ਨੌਕਰੀਆਂ ਪੈਦਾ ਹੋਈਆਂ ਜਦਕਿ ਬੇਰੁਜ਼ਗਾਰੀ ਦੀ ਦਰ ਪਿਛਲੇ 4 ਸਾਲਾਂ ਦੌਰਾਨ ਪਹਿਲੀ ਵਾਰ ਸਭ ਤੋਂ ਉਪਰਲੇ ਪੱਧਰ 'ਤੇ ਹੈ | ਸਮੁੱਚੇ ਤੌਰ ''ਤੇ ਅਰਥ ਵਿਵਸਥਾ ਦੇ ਵਿਕਾਸ ਦੀ ਰਫਤਾਰ ਮੱਧਮ ਹੋਈ ਹੈ | ਫੈਕਟਸੈੱਟ ਅਨੁਸਾਰ ਬੇਰੁਜ਼ਗਾਰੀ ਦੀ ਦਰ 4.3% 'ਤੇ ਪਹੁੰਚ ਗਈ ਹੈ | ਸਰਕਾਰੀ ਤਾਲਾਬੰਦੀ ਕਾਰਨ ਰਿਪੋਰਟ ਆਉਣ ਵਿਚ 7 ਹਫਤਿਆਂ ਦੀ ਦੇਰੀ ਹੋਈ ਹੈ ਜਿਸ 'ਚ ਕਿਹਾ ਗਿਆ ਹੈ ਕਿ ਬੇਰੁਜ਼ਗਾਰੀ ਵਧ ਰਹੀ ਹੈ | ਬਿਊਰੋ ਆਫ ਲੇਬਰ ਸਟੈਟਿਕਸ ਡੈਟਾ ਅਨੁਸਾਰ ਅਗਸਤ ਮਹੀਨੇ ਵਿੱਚ 22000 ਨੌਕਰੀਆਂ ਦੀ ਉਪਲਬੱਧੀ ਹੋਈ ਸੀ ਜਦ ਕਿ ਸਤੰਬਰ ਵਿਚ 4000 ਨੌਕਰੀਆਂ ਘੱਟੀਆਂ ਹਨ | ਜੁਲਾਈ ਵਿਚ 7000 ਨੌਕਰੀਆਂ ਘੱਟੀਆਂ ਸਨ | ਸਿਹਤ ਸੰਭਾਲ ਤੇ ਸੋਸ਼ਲ ਅਸਿਸਟੈਂਸ ਸੈਕਟਰ ਵਿਚ ਰੁਜ਼ਗਾਰ ਦੇ ਮੌਕੇ ਵਧੇ ਹਨ | ਸਤੰਬਰ ਮਹੀਨੇ ਦੌਰਾਨ ਸਿਹਤ ਸੰਭਾਲ ਤੇ ਸੋਸ਼ਲ ਅਸਿਸਟੈਂਟ ਸੈਕਟਰ ਵਿਚ ਅੰਦਾਜਨ 57100 ਨੌਕਰੀਆਂ ਪੈਦਾ ਹੋਈਆਂ ਹਨ ਜੋ ਕਿ ਸਮੁੱਚੀਆਂ ਪੈਦਾ ਹੋਈਆਂ ਨੌਕਰੀਆਂ ਦਾ ਤਕਰੀਬਨ ਅੱਧ ਹੈ | ਟਰਾਂਸਪੋਰਟੇਸ਼ਨ ਤੇ ਵੇਅਰ ਹਾਊਸਿੰਗ ਵਿਚ 25300 ਨੌਕਰੀਆਂ ਘੱਟੀਆਂ ਹਨ | ਇਸੇ ਤਰਾਂ ਆਰਜੀ ਮੱਦਦ ਸੇਵਾਵਾਂ 'ਚ 15900 ਤੇ ਨਿਰਮਾਣ ਸੈਕਟਰ 'ਚ 6000 ਨੌਕਰੀਆਂ ਘੱਟੀਆਂ ਹਨ | ਆਰਥਕ ਮਾਹਿਰਾਂ ਦਾ ਮੰਨਣਾ ਹੈ ਕਿ ਵਧੇ ਟੈਰਿਫ ਕਾਰਨ ਅਰਥ ਵਿਵਸਥਾ ਪ੍ਰਭਾਵਿਤ ਹੋਈ ਹੈ ਜਦ ਕਿ ਵਿਆਜ ਦਰ ਵੀ ਅਰਥ ਵਿਵਸਥਾ ਦੀ ਸੁਸਤ ਰਫਤਾਰ ਦਾ ਇਕ ਕਾਰਨ ਹੈ | ਆਰਥਕ ਮਾਹਿਰਾਂ ਦਾ ਮੰਨਣਾ ਹੈ ਕਿ ਅਰਥ ਵਿਵਸਥਾ ਨੂੰ ਪੱਟੜੀ 'ਤੇ ਆਉਣ ਲਈ ਅਜੇ ਸਮਾਂ ਲੱਗੇਗਾ ਤੇ ਇਸ ਵਾਸਤੇ ਸੰਘੀ ਸਰਕਾਰ ਨੂੰ ਅਜਿਹੇ ਕਦਮ ਚੁੱਕਣੇ ਪੈਣਗੇ ਜਿਨ੍ਹਾਂ ਨਾਲ ਨਿਵੇਸ਼ ਸੈਕਟਰ ਉਤਸ਼ਾਹਿਤ ਹੋਵੇ | ਇਸ ਤੋਂ ਇਲਾਵਾ ਟੈਰਿਫ ਬਾਰੇ ਵੀ ਨਵੇਂ ਸਿਰੇ ਤੋਂ ਵਿਚਾਰ ਕਰਨ ਦੀ ਲੋੜ ਹੈ |