ਲੈਸਟਰ (ਇੰਗਲੈਂਡ), 8 ਅਗਸਤ (ਸੁਖਜਿੰਦਰ ਸਿੰਘ ਢੱਡੇ)-ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੀਟਨ ਪਾਰਕ ਮੈਨਚੈਸਟਰ ਵਿਖੇ ਕਰਵਾਏ ਜਾ ਰਹੇ ਚਾਰ ਰੋਜ਼ਾ ਮੈਨਚੈਸਟਰ ਗੁਰਮਤਿ ਸਮਾਗਮ ਦੇ ਤੀਜੇ ਦਿਨ ਸਵੇਰ ਤੋਂ ਦੇਰ ਰਾਤ ਤੱਕ ਗੁਰਬਾਣੀ ਕੀਰਤਨ, ਨਾਮ ਸਿਮਰਨ, ਗੁਰਮਤਿ ਵਿਚਾਰਾਂ ਤੇ ਕਥਾ-ਕੀਰਤਨ ਦੀ ਅੰਮ੍ਰਿਤਮਈ ਵਰਖਾ ਹੁੰਦੀ ਰਹੀ। ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਯੂਰਪ ਦੇ ਹੋਰ ਦੇਸ਼ਾਂ ਅਮਰੀਕਾ, ਕੇਨੈਡਾ ਤੋਂ ਵੀ ਵੱਡੀ ਗਿਣਤੀ ’ਚ ਸੰਗਤ ਨੇ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਦਿਨ ਭਰ ਗੁਰਬਾਣੀ ਦੀ ਮਿੱਠੀ ਗੂੰਜ ਨਾਲ ਸਮੁੱਚਾ ਹੀਟਨ ਪਾਰਕ ਰੂਹਾਨੀ ਰੰਗ ’ਚ ਰੰਗਿਆ ਨਜ਼ਰ ਆਇਆ। ਤੀਜੇ ਦਿਨ ਦੇ ਧਾਰਮਿਕ ਦੀਵਾਨਾਂ ਦੀ ਸ਼ੁਰੂਆਤ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼, ਨਿਤਨੇਮ, ਅਰਦਾਸ ਤੇ ਪਾਵਨ ਹੁਕਮਨਾਮਾ ਸਾਹਿਬ ਨਾਲ ਹੋਈ। ਇਸ ਉਪਰੰਤ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਸਿਮਰਨਪ੍ਰੀਤ ਸਿੰਘ ਨੇ ਆਸਾ ਦੀ ਵਾਰ ਦਾ ਰਸਭਿੰਨਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਉਨ੍ਹਾਂ ਤੋਂ ਬਾਅਦ ਹਜ਼ੂਰੀ ਰਾਗੀ ਭਾਈ ਮਨਿੰਦਰ ਸਿੰਘ ਨੇ ਵੀ ਆਸਾ ਦੀ ਵਾਰ ਦੇ ਕੀਰਤਨ ਰਾਹੀਂ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ। ਸਵੇਰ ਦੇ ਦੀਵਾਨਾਂ ਦੌਰਾਨ ਭਾਈ ਗੁਰਮੀਤ ਸਿੰਘ ਸ਼ਾਂਤ, ਭਾਈ ਰਵਿੰਦਰ ਸਿੰਘ ਦਿੱਲੀ ਵਾਲੇ, ਬੀਬੀ ਗੁਰਪ੍ਰੀਤ ਕੌਰ, ਭਾਈ ਦਵਿੰਦਰ ਸਿੰਘ ਖੰਨਾ ਵਾਲੇ, ਭਾਈ ਸਰਬਜੀਤ ਸਿੰਘ ਦੁਰਗ ਵਾਲੇ ਤੇ ਅਮਰੀਕਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਭਾਈ ਅਨੰਤਵੀਰ ਸਿੰਘ ਨੇ ਇਲਾਹੀ ਗੁਰਬਾਣੀ ਦਾ ਕੀਰਤਨ ਕਰਕੇ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਮੈਨਚੈਸਟਰ ਸਮਾਗਮ ਪਰਿਵਾਰ ਨਾਲ ਜੁੜੇ ਬੱਚਿਆਂ ਵੱਲੋਂ ਸੰਗਤੀ ਰੂਪ ’ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਉਚਾਰਨ ਕੀਤਾ ਗਿਆ। ਦੁਪਹਿਰ ਦੇ ਦੀਵਾਨਾਂ ਦੌਰਾਨ ਐਜੂਕੇਟ ਪੰਜਾਬ ਦੇ ਬਚਨ ਸਿੰਘ ਜੀ ਨੇ ਸਿੱਖਿਆ ਤੇ ਕੌਮੀ ਜਾਗਰੂਕਤਾ ਸਬੰਧੀ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕੀਤੇ। ਇਸ ਉਪਰੰਤ ਭਾਈ ਜਸਵਿੰਦਰ ਸਿੰਘ ਜੀ ਕੋਹਲੀ ਬਾਵਾ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਭਾਈ ਕਰਨਜੀਤ ਸਿੰਘ ਜੀ ਖਾਲਸਾ ਨੇ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਈ, ਜਦਕਿ ਭਾਈ ਸਿਮਰਨਪ੍ਰੀਤ ਸਿੰਘ ਜੀ ਨੇ ਸੋਦਰ ਦੀ ਚੌਂਕੀ ਦੇ ਰਸਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਸ਼ਾਮ ਦੇ ਦੀਵਾਨਾਂ ਦੀ ਆਰੰਭਤਾ ਰਹਿਰਾਸ ਸਾਹਿਬ ਜੀ ਦੇ ਪਾਠ, ਅਰਦਾਸ ਤੇ ਪਾਵਨ ਹੁਕਮਨਾਮਾ ਸਾਹਿਬ ਨਾਲ ਹੋਈ। ਰਾਤ 10.15 ਵਜੇ ਅਰਦਾਸ ਉਪਰੰਤ ਤੀਜੇ ਦਿਨ ਦੇ ਧਾਰਮਿਕ ਦੀਵਾਨਾਂ ਦੀ ਸਮਾਪਤੀ ਹੋਈ। ਸਮਾਗਮ ਦੌਰਾਨ ਪ੍ਰਬੰਧਕਾਂ ਵੱਲੋਂ ਸੰਗਤ ਦੀ ਸਹੂਲਤ ਲਈ ਕੀਤੇ ਗਏ ਪ੍ਰਬੰਧ ਵੀ ਖਿੱਚ ਦਾ ਕੇਂਦਰ ਬਣੇ ਰਹੇ। ਅੱਜ ਸਮਾਗਮ ਦੇ ਆਖਰੀ ਦਿਨ ਅੰਮ੍ਰਿਤ ਸੰਚਾਰ ਹੋਵੇਗ ਤੇ ਸੈਂਕੜੇ ਪ੍ਰਾਣੀ ਗੁਰੂ ਵਾਲੇ ਬਣਨਗੇ।
ਚਾਰ ਰੋਜ਼ਾ ਮੈਨਚੈਸਟਰ ਗੁਰਮਤਿ ਸਮਾਗਮ ਦੇ ਅੰਤਿਮ ਦਿਨ ਅੱਜ ਐਤਵਾਰ ਨੂੰ ਵਿਸ਼ੇਸ਼ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ,ਜਿਸ ਦੌਰਾਨ ਪੰਜਾਬ ਤੋ ਵਿਸੇਸ ਤੌਰ ਤੇ ਪੁੱਜੇ ਪੰਜ ਪਿਆਰੇ ਚਾਹਵਾਨ ਪ੍ਰਾਣੀਆ ਨੂੰ ਅੰਮ੍ਰਿਤ ਦੀ ਦਾਤ ਬਖਸਣਗੇ, ਜਿਸ ਨੂੰ ਲੈ ਕੇ ਸੰਗਤ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪ੍ਰਬੰਧਕਾਂ ਅਨੁਸਾਰ ਸੈਂਕੜੇ ਪ੍ਰਾਣੀਆਂ ਵੱਲੋਂ ਖੰਡੇ-ਬਾਟੇ ਦੀ ਪਾਹੁਲ ਛਕ ਕੇ ਗੁਰੂ ਲੜ ਲੱਗਣ ਦੀ ਸੰਭਾਵਨਾ ਹੈ। ਅੰਮ੍ਰਿਤ ਸੰਚਾਰ ਦੇ ਨਾਲ-ਨਾਲ ਅੰਤਿਮ ਦਿਨ ਵੀ ਗੁਰਬਾਣੀ ਕੀਰਤਨ, ਕਥਾ ਅਤੇ ਗੁਰਮਤਿ ਵਿਚਾਰਾਂ ਦੇ ਵਿਸ਼ੇਸ਼ ਦੀਵਾਨ ਸਜਣਗੇ ਅਤੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤ ਦੇ ਹੀਟਨ ਪਾਰਕ ਪਹੁੰਚਣ ਦੀ ਉਮੀਦ ਹੈ।
ਮੈਨਚੈਸਟਰ ਗੁਰਮਤਿ ਸਮਾਗਮ ਦੇ ਤੀਜੇ ਦਿਨ ਸੰਗਤਾਂ ਦਾ ਉਮੜਿਆ ਸੈਲਾਬ
ਮੈਨਚੈਸਟਰ ਗੁਰਮਤਿ ਸਮਾਗਮ ਦੇ ਤੀਜੇ ਦਿਨ ਸੰਗਤਾਂ ਦਾ ਉਮੜਿਆ ਸੈਲਾਬ
ਅਜੀਤ ਡੈਸਕ
09-08-2026