ਲੈਸਟਰ, 19 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਯੂਰਪੀ ਯੂਨੀਅਨ ਨੇ ਯੂਕਰੇਨ ਮਸਲੇ 'ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀਆਂ ਯੋਜਨਾਵਾਂ ਨੂੰ ਤਵੱਜੋਂ ਨਾ ਦਿੰਦਿਆਂ ਰੂਸ ਦੇ ਖ਼ਿਲਾਫ਼ ਯੂਕਰੇਨ ਦੀ ਮਦਦ ਲਈ ਵੱਡਾ ਸਾਂਝਾ ਰੱਖਿਆ ਫੰਡ ਮਨਜ਼ੂਰ ਕਰ ਲਿਆ ਹੈ | ਬਰਸਲਜ਼ 'ਚ ਹੋਈ ਯੂਰਪੀ ਆਗੂਆਂ ਦੀ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ, ਜਿਸ 'ਚ ਬਰਤਾਨੀਆ ਦੀ ਭੂਮਿਕਾ ਨੂੰ ਕੇਂਦਰੀ ਤÏਰ 'ਤੇ ਸ਼ਾਮਲ ਨਹੀਂ ਕੀਤਾ ਗਿਆ | ਯੂਰਪੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਯੂਕਰੇਨ ਦੀ ਸਹਾਇਤਾ ਲਈ ਯੂਰਪ ਆਪਣੀ ਸਾਂਝੀ ਨੀਤੀ ਅਧੀਨ ਅੱਗੇ ਵਧੇਗਾ ਅਤੇ ਰੂਸ ਖ਼ਿਲਾਫ਼ ਯੂਰਪੀ ਦੇਸ਼ ਇਕਜੁੱਟ ਰਹਿਣਗੇ | ਮਨਜ਼ੂਰ ਕੀਤੇ ਗਏ ਇਸ ਵੱਡੇ ਫੰਡ ਰਾਹੀਂ ਯੂਕਰੇਨ ਦੀ ਸੈਨਾ, ਹਥਿਆਰਾਂ ਦੀ ਸਪਲਾਈ ਅਤੇ ਰੱਖਿਆ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ | ਯੂਰਪੀ ਯੂਨੀਅਨ ਦਾ ਮੰਨਣਾ ਹੈ ਕਿ ਇਸ ਨਾਲ ਰੂਸ 'ਤੇ ਦਬਾਅ ਬਣੇਗਾ ਅਤੇ ਯੂਕਰੇਨ ਨੂੰ ਲੰਬੇ ਸਮੇਂ ਤੱਕ ਸਹਾਰਾ ਮਿਲੇਗਾ | ਰਾਜਨੀਤਿਕ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਘਟਨਾਕ੍ਰਮ ਬ੍ਰੈਕਜ਼ਿਟ ਤੋਂ ਬਾਅਦ ਯੂਰਪ ਵਿਚ ਬਰਤਾਨੀਆ ਦੀ ਘਟਦੀ ਕੂਟਨੀਤਿਕ ਅਹਿਮੀਅਤ ਵੱਲ ਇਸ਼ਾਰਾ ਕਰਦਾ ਹੈ |