ਲੰਡਨ, 19 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆਂ ਦੀ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਬਰਤਾਨੀਆ ਦੀ ਵਿਦੇਸ਼ ਮੰਤਰੀ ਯੂਵਟ ਕੂਪਰ ਨੂੰ ਭਾਰਤ ਵਿਚ ਗਿ੍ਫ਼ਤਾਰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਦੀ ਮੰਗ ਕਰ ਰਹੇ ਬਰਤਾਨਵੀ ਸਿੱਖਾਂ ਵੱਲੋਂ ਪੱਤਰ ਲਿਖਿਆ ਹੈ | ਉਨ੍ਹਾਂ ਕਿਹਾ ਕਿ ਜੱਗੀ ਜੌਹਲ ਦੀ ਗਿ੍ਫ਼ਤਾਰੀ ਬਾਰੇ ਚਿੰਤਾਵਾਂ ਉਠਾਉਣ ਵਾਲੇ ਲੋਕ ਉਸ ਦੇ ਕੇਸ ਵਿਚ ਹਾਲੀਆ ਅਤੇ ਮਹੱਤਵਪੂਰਨ ਘਟਨਾਵਾਂ ਤੋਂ ਬਾਅਦ ਸਰਕਾਰ ਦੀ ਪਹੁੰਚ ਬਾਰੇ ਸਪੱਸ਼ਟਤਾ ਦੀ ਮੰਗ ਕਰ ਰਹੇ ਹਨ | ਉਨ੍ਹਾਂ ਲਿਖਿਆ ਕਿ 4 ਮਾਰਚ ਨੂੰ ਜੱਗੀ ਜੌਹਲ ਨੂੰ ਇਕ ਕੇਸ ਵਿਚੋਂ ਬਰੀ ਕਰ ਦਿੱਤਾ ਗਿਆ ਸੀ, ਕਿਉਂਕਿ ਉਸ ਦੇ ਵਿਰੁੱਧ ਕੋਈ ਭਰੋਸੇਯੋਗ ਸਬੂਤ ਨਹੀਂ ਮਿਲਿਆ ਅਤੇ ਉਹੀ ਇਕ ਦੋਸ਼ ਬਾਕੀ ਮਾਮਲਿਆਂ ਨੂੰ ਆਧਾਰ ਬਣਾਉਂਦਾ ਸੀ | ਇਸ ਮੌਕੇ ਜੱਗੀ ਜੌਹਲ ਨੂੰ ਜ਼ਮਾਨਤ ਦਿੱਤੀ ਜਾ ਸਕਦੀ ਸੀ | ਪੱਤਰ 'ਚ ਪ੍ਰਧਾਨ ਮੰਤਰੀ ਕੀਰ ਸਟਾਰਮਰ ਵੱਲੋਂ ਜਨਤਕ ਤੌਰ 'ਤੇ ਜੱਗੀ ਜੌਹਲ ਦੀ ਰਿਹਾਈ ਦੀ ਕੀਤੀ ਗਈ ਮੰਗ ਦਾ ਜ਼ਿਕਰ ਕਰਦਿਆਂ ਪੁੱਛਿਆ ਕਿ ਕੀ ਸਰਕਾਰ ਦੀ ਇਸ ਬਾਰੇ ਸਥਿਤੀ ਬਦਲ ਤਾਂ ਨਹੀਂ ਗਈ | ਹੁਣ ਵੇਖਣਾ ਇਹ ਹੋਵੇਗਾ ਕਿ ਜੱਗੀ ਜੌਹਲ ਬਾਰੇ ਸਰਕਾਰ ਕੀ ਕਰਦੀ ਹੈ |