ਸਿਡਨੀ, 22 ਦਸੰਬਰ (ਹਰਕੀਰਤ ਸਿੰਘ ਸੰਧਰ)-ਬੌਂਡੀ ਬੀਚ 'ਤੇ ਹੋਏ ਅੱਤਵਾਦੀ ਹਮਲੇ ਦੌਰਾਨ ਪੁਲਿਸ ਵਲੋਂ ਮਾਰੇ ਗਏ ਸਾਜਿਦ ਅਕਰਮ ਦੀ ਲਾਸ਼ ਉਸ ਦੀ ਪਤਨੀ ਵਰੇਨਾ ਅਕਰਮ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਹੈ¢ ਮੀਡੀਆ ਰਿਪੋਰਟਾਂ ਮੁਤਾਬਕ ਵਰੇਨਾ ਅਕਰਮ ਨੇ ਲਾਸ਼ ਨੂੰ ਗਰੀਬਾਨਾ ਦਫ਼ਨ (ਡੈਸਟਿਊਟ ਬੁਰਿਯਲ) ਲਈ ਨਿਊ ਸਾਊਥ ਵੇਲਜ਼ ਸਰਕਾਰ ਦੇ ਹਵਾਲੇ ਕਰ ਦਿੱਤਾ ਹੈ ¢ ਵਰੇਨਾ ਅਕਰਮ, ਜੋ ਪੱਛਮੀ ਸਿਡਨੀ ਦੇ ਬੋਨੀਰਿਗ ਇਲਾਕੇ ਵਿਚ ਰਹਿੰਦੀ ਹੈ, ਦਾ ਕਹਿਣਾ ਹੈ ਕਿ ਹਮਲੇ ਤੋਂ ਪਹਿਲਾਂ ਦੋਵੇਂ ਪਤੀ-ਪਤਨੀ ਇਕੱਠੇ ਨਹੀਂ ਰਹਿੰਦੇ ਸਨ ¢ ਚੈਨਲ 7 ਦੀ ਰਿਪੋਰਟਰ ਮੁਤਾਬਕ ਵਰੇਨਾ ਨੇ ਸਾਫ਼ ਕਿਹਾ ਹੈ ਕਿ ਉਸ ਦਾ ਸਾਜਿਦ ਦੀ ਲਾਸ਼ ਨਾਲ ਕੋਈ ਲੈਣਾ-ਦੇਣਾ ਨਹੀਂ¢ ਨਿਊ ਸਾਊਥ ਵੇਲਜ਼ ਵਿਚ ਜੇ ਪਰਿਵਾਰ ਜਾਂ ਦੋਸਤ ਲਾਸ਼ ਲੈਣ ਤੋਂ ਇਨਕਾਰ ਕਰ ਦੇਣ, ਤਾਂ ਉਸ ਇਲਾਕੇ ਦੀ ਲੋਕਲ ਹੈਲਥ ਡਿਸਟਿ੍ਕਟ ਜ਼ਿੰਮੇਵਾਰੀ ਸੰਭਾਲਦੀ ਹੈ ਜਿੱਥੇ ਮੌਤ ਹੋਈ ਹੋਵੇ, ਕਿਉਂਕਿ ਸਾਜਿਦ ਅਕਰਮ ਦੀ ਮੌਤ ਬੌਂਡੀ ਵਿਚ ਹੋਈ, ਇਸ ਲਈ ਸਾਊਥ ਈਸਟਰਨ ਸਿਡਨੀ ਦਫ਼ਨ ਜਾਂ ਦਾਹ ਸੰਸਕਾਰ ਦੇ ਸਾਰੇ ਖਰਚੇ ਭਰੇਗੀ ¢ ਸਾਜਿਦ ਦੀ ਲਾਸ਼ ਇਸ ਵੇਲੇ ਕੋਰੋਨਰ ਦੇ ਦਫ਼ਤਰ ਵਿਚ ਰੱਖੀ ਹੋਈ ਹੈ¢ ਪੁਲਿਸ ਨੇ ਵਰੇਨਾ ਅਕਰਮ ਨੂੰ ਕਿਸੇ ਵੀ ਤਰ੍ਹਾਂ ਦਾ ਸ਼ੱਕੀ ਵਿਅਕਤੀ ਨਹੀਂ ਮੰਨਿਆ ਹੈ ਅਤੇ ਨਾ ਹੀ ਉਸ ਦੀ ਹਮਲੇ ਬਾਰੇ ਪਹਿਲਾਂ ਜਾਣਕਾਰੀ ਹੋਣ ਦਾ ਕੋਈ ਸਬੂਤ ਮਿਲਿਆ ਹੈ ¢ ਇਸ ਹਮਲੇ ਸਬੰਧੀ ਸਾਜਿਦ ਦਾ ਪੁੱਤਰ ਨਵੀਦ ਅਕਰਮ 50 ਤੋਂ ਵੱਧ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ¢