ਲੈਸਟਰ (ਇੰਗਲੈਂਡ), 23 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਰਾਜਾ ਚਾਰਲਜ਼ ਨਾਲ ਸੰਬੰਧਿਤ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਕੁਝ ਵੀਡੀਓ ਨੂੰ ਨਕਲੀ ਕਰਾਰ ਦਿੱਤਾ ਗਿਆ ਹੈ¢ ਇਨ੍ਹਾਂ ਵੀਡੀਓ ਵਿਚ ਰਾਜਾ ਚਾਰਲਜ਼ ਨੂੰ ਕਥਿਤ ਤੌਰ 'ਤੇ ਦੇਸ਼ ਦੀ 'ਰਾਜਨੀਤਕ ਅਸਥਿਰਤਾ' ਬਾਰੇ ਗੱਲ ਕਰਦਿਆਂ ਦਿਖਾਇਆ ਗਿਆ, ਪਰ ਜਾਂਚ ਦੌਰਾਨ ਸਪੱਸ਼ਟ ਹੋਇਆ ਕਿ ਇਹ ਸਮੱਗਰੀ ਕ੍ਰਿਤਿ੍ਮ ਬੁੱਧੀ (ਏ.ਆਈ.) ਦੀ ਮਦਦ ਨਾਲ ਤਿਆਰ ਕੀਤੀ ਗਈ ਹੈ¢ ਮੀਡੀਆ ਰਿਪੋਰਟਾਂ ਅਨੁਸਾਰ, ਇਨ੍ਹਾਂ ਵੀਡੀਓ ਵਿਚ ਅਸਲ ਸ਼ਾਹੀ ਫੁਟੇਜ ਨੂੰ ਪੂਰੀ ਤਰ੍ਹਾਂ ਕਲਪਨਾਤਮਕ ਸਰਕਾਰੀ ਐਲਾਨਾਂ ਨਾਲ ਜੋੜ ਕੇ ਪੇਸ਼ ਕੀਤਾ ਗਿਆ, ਜਿਸ ਨਾਲ ਦਰਸ਼ਕਾਂ ਵਿਚ ਭਰਮ ਪੈਦਾ ਹੋਇਆ¢ ਬਕਿੰਘਮ ਪੈਲੇਸ ਦੇ ਸੂਤਰਾਂ ਨੇ ਅਜਿਹੀਆਂ ਵੀਡੀਓ ਨੂੰ ਬੇਬੁਨਿਆਦ ਦੱਸਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ¢ ਮਾਹਿਰਾਂ ਦਾ ਕਹਿਣਾ ਹੈ ਕਿ ਏ.ਆਈ. ਤਕਨਾਲੋਜੀ ਨਾਲ ਬਣ ਰਹੀ ਨਕਲੀ ਸਮੱਗਰੀ ਲੋਕਤੰਤਰਿਕ ਪ੍ਰਕਿਰਿਆਵਾਂ ਤੇ ਜਨਤਕ ਭਰੋਸੇ ਲਈ ਗੰਭੀਰ ਚੁਣੌਤੀ ਬਣ ਰਹੀ ਹੈ¢ ਸਰਕਾਰ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਅਜਿਹੀ ਗਲਤ ਜਾਣਕਾਰੀ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ¢