ਲੈਸਟਰ (ਇੰਗਲੈਂਡ), 28 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਜੇਲ੍ਹ ਖੇਤਰ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕ ਕੈਦੀ ਸੁਰੱਖਿਆ ਪ੍ਰਬੰਧਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ | ਘਟਨਾ ਉਸ ਜੇਲ੍ਹ ਦੇ ਨੇੜਲੇ ਇਲਾਕੇ ਵਿਚ ਵਾਪਰੀ, ਜਿੱਥੇ ਆਮ ਤੌਰ 'ਤੇ ਸਖ਼ਤ ਨਿਗਰਾਨੀ ਰਹਿੰਦੀ ਹੈ ਅਤੇ ਆਲੇ-ਦੁਆਲੇ ਰਿਹਾਇਸ਼ੀ ਇਲਾਕੇ ਵੀ ਸਥਿਤ ਹਨ | ਕੈਦੀ ਦੇ ਫਰਾਰ ਹੋਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵਲੋਂ ਤੁਰੰਤ ਪੂਰੇ ਖੇਤਰ ਨੂੰ ਘੇਰਾਬੰਦੀ ਹੇਠ ਲਿਆ ਗਿਆ | ਪੁਲਿਸ ਮੁਤਾਬਕ ਜੇਲ੍ਹ ਦੇ ਆਲੇ-ਦੁਆਲੇ ਵਾਲੀਆਂ ਸੜਕਾਂ, ਪਾਰਕਾਂ, ਬੱਸ ਸਟਾਪਾਂ ਅਤੇ ਰੇਲਵੇ ਸਟੇਸ਼ਨਾਂ 'ਤੇ ਖ਼ਾਸ ਚੈਕਿੰਗ ਕੀਤੀ ਜਾ ਰਹੀ ਹੈ | ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ ਅਤੇ ਸਕੂਲਾਂ, ਦੁਕਾਨਦਾਰਾਂ ਅਤੇ ਸਥਾਨਕ ਵਸਨੀਕਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ | ਪੁਲਿਸ ਨੇ ਸਪਸ਼ਟ ਤੌਰ 'ਤੇ ਚੇਤਾਵਨੀ ਜਾਰੀ ਕੀਤੀ ਹੈ ਕਿ ਫਰਾਰ ਕੈਦੀ ਦੇ ਨੇੜੇ ਜਾਣ ਦੀ ਕੋਸ਼ਿਸ਼ ਨਾ ਕੀਤੀ ਜਾਵੇ | ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਕੈਦੀ ਫਰਾਰ ਹੋਣ ਤੋਂ ਬਾਅਦ ਸੰਭਵ ਤੌਰ 'ਤੇ ਨੇੜਲੇ ਰਿਹਾਇਸ਼ੀ ਇਲਾਕਿਆਂ ਜਾਂ ਆਵਾਜਾਈ ਦੇ ਸਾਧਨਾਂ ਵੱਲ ਰੁਖ ਕਰ ਸਕਦਾ ਹੈ | ਇਸ ਕਾਰਨ ਪੁਲਿਸ ਵਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਸੜਕਾਂ 'ਤੇ ਤੈਨਾਤ ਦਸਤਿਆਂ ਨੂੰ ਵਧਾ ਦਿੱਤਾ ਗਿਆ ਹੈ |