ਰਤੀਆ, 2 ਜੂਨ (ਬੇਅੰਤ ਕੌਰ ਮੰਡੇਰ)-ਐੱਸ.ਡੀ.ਐੱਮ. ਸੁਰੇਸ਼ ਕੁਮਾਰ ਵਲੋਂ ਇੱਥੇ ਸਮਾਧਾਨ ਕੈਂਪ 'ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ | ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਫ਼ਤੇ ਦੇ ਹਰ ਸੋਮਵਾਰ ਅਤੇ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਸਬ-ਡਿਵੀਜ਼ਨ ਹੈੱਡਕੁਆਟਰ ਵਿਖੇ ਨਾਗਰਿਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਮਾਧਾਨ ਕੈਂਪ ਲਗਾਇਆ ਜਾ ਰਿਹਾ ਹੈ | ਕੈਂਪ ਵਿਚ 2 ਸ਼ਿਕਾਇਤਾਂ ਦੀ ਸੁਣਵਾਈ ਕਰਦੇ ਹੋਏ ਉਨ੍ਹਾਂ ਸਬੰਧਿਤ ਵਿਭਾਗ ਦੇ ਅਧਿਕਾਰੀ ਨੂੰ ਇਨ੍ਹਾਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਨਿਰਦੇਸ਼ ਦਿੱਤੇ | ਐੱਸ.ਡੀ.ਐੱਮ. ਨੇ ਕਿਹਾ ਕਿ ਸਮਾਧਾਨ ਕੈਂਪ ਵਿਚ ਪ੍ਰਾਪਤ ਹੋਈ ਹਰ ਸ਼ਿਕਾਇਤ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ | ਸਮਾਧਾਨ ਕੈਂਪ ਵਿਚ ਸਾਰੇ ਵਿਭਾਗਾਂ ਨਾਲ ਸਬੰਧਿਤ ਸ਼ਿਕਾਇਤਾਂ ਨੂੰ ਇੱਕ ਛੱਤ ਹੇਠ ਸੁਣਿਆ ਅਤੇ ਨਿਪਟਾਇਆ ਜਾ ਰਿਹਾ ਹੈ | ਇਸ ਮੌਕੇ ਡੀ.ਐੱਸ.ਪੀ. ਨਰ ਸਿੰਘ, ਕਾਨੂੰਗੋ ਪਿ੍ਥਵੀਰਾਜ, ਜੇ. ਈ. ਜਸਵੰਤ ਸਿੰਘ, ਗੁਲਸ਼ਨ ਕੁਮਾਰ, ਜੰਗਲਾਤ ਵਿਭਾਗ ਬਲਦੇਵ ਸਿੰਘ, ਰੋਡਵੇਜ਼ ਤੋਂ ਰਾਜਕਮਲ, ਕਮਾਲਦੀਨ, ਗੁਰਮੀਤ ਸਿੰਘ ਆਦਿ ਹਾਜ਼ਰ ਸਨ |