ਨਵੀਂ ਦਿੱਲੀ, 3 ਜੂਨ (ਮਿਸਰਦੀਪ ਭਾਟੀਆ)- ਦੇਸ਼ ਦੀ ਸਭ ਤੋਂ ਵੱਡੀ ਮੈਡੀਕਲ ਪ੍ਰਵੇਸ਼ ਪ੍ਰੀਖਿਆ ਐਨ. ਈ. ਈ. ਟੀ. ਯੂ.ਜੀ. 2025 ਦੀ ਉੱਤਰ ਕੁੰਜੀ ਹੁਣ ਅਧਿਕਾਰਤ ਤੌਰ 'ਤੇ ਜਾਰੀ ਕਰ ਦਿੱਤੀ ਗਈ ਹੈ | ਨੈਸ਼ਨਲ ਟੈਸਟਿੰਗ ਏਜੰਸੀ ਨੇ ਇਸ ਉੱਤਰ ਕੁੰਜੀ ਨੂੰ ਆਪਣੀ ਵੈੱਬਸਾਈਟ 'ਤੇ ਜਾਰੀ ਕੀਤਾ ਹੈ | ਇਸ ਸਾਲ ਨੀਟ ਯੂ.ਜੀ. ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਹੁਣ ਆਪਣੀ ਉੱਤਰ ਕੁੰਜੀ ਡਾਊਨਲੋਡ ਕਰ ਸਕਦੇ ਹਨ ਅਤੇ ਜਾਂਚ ਕਰ ਸਕਦੇ ਹਨ ਕਿ ਉਨ੍ਹਾਂ ਦੇ ਕਿੰਨੇ ਉੱਤਰ ਸਹੀ ਹਨ | ਜੇਕਰ ਕਿਸੇ ਉਮੀਦਵਾਰ ਨੂੰ ਲੱਗਦਾ ਹੈ ਕਿ ਉੱਤਰ ਕੁੰਜੀ ਵਿਚ ਕੋਈ ਉੱਤਰ ਗ਼ਲਤ ਹੈ ਤਾਂ ਉਹ ਇਤਰਾਜ਼ ਦਰਜ ਕਰ ਸਕਦਾ ਹੈ | ਇਸ ਲਈ 5 ਜੂਨ ਰਾਤ 11.50 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ | ਹਰੇਕ ਸਵਾਲ 'ਤੇ ਇਤਰਾਜ਼ ਦਰਜ ਕਰਨ ਵਾਲੀ 200 ਰੁਪਏ ਦੀ ਫੀਸ ਜਮ੍ਹਾਂ ਕਰਵਾਉਣੀ ਪਵੇਗੀ | ਐਨ.ਟੀ.ਏ. ਉਮੀਦਵਾਰਾਂ ਦੀ ਸਹੂਲਤ ਲਈ ਓ.ਐਮ.ਆਰ. ਉੱਤਰ ਪੱਤਰੀ ਦੀ ਸਕੈਨ ਕਾਪੀ ਈ-ਮੇਲ ਦੇ ਜ਼ਰੀਏ ਭੇਜ ਦਿੱਤੀ ਹੈ ਤਾਂ ਜੋ ਉਹ ਆਪਣੇ ਦਿੱਤੇ ਹੋਏ ਉੱਤਰਾਂ ਦੀ ਵੀ ਜਾਂਚ ਕਰ ਸਕਣ | ਨੀਟ ਦੇ ਜ਼ਰੀਏ ਦੇਸ਼ ਭਰ ਦੇ ਮੈਡੀਕਲ ਕਾਲਜਾਂ ਵਿਚ ਐਮ.ਬੀ.ਬੀ.ਐਸ., ਬੀ.ਡੀ.ਐਸ., ਬੀ.ਏ.ਐਮ.ਐਸ., ਬੀ.ਐਚ.ਐਮ.ਐਸ., ਬੀ.ਯੂ.ਐਮ.ਐਸ. ਵਰਗੇ ਕੋਰਸਾਂ ਵਿਚ ਦਾਖ਼ਲਾ ਦਿੱਤਾ ਜਾਂਦਾ ਹੈ | ਨੀਟ ਯੂ.ਜੀ. 2025 ਦੀ ਪ੍ਰੀਖਿਆ 4 ਮਈ 2025 ਨੂੰ ਦੇਸ਼ ਭਰ ਵਿਚ ਆਯੋਜਿਤ ਕੀਤੀ ਗਈ ਸੀ | ਇਸ ਸਾਲ 22.79 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਲਈ ਅਰਜ਼ੀ ਦਿੱਤੀ ਸੀ ਜਿਨ੍ਹਾਂ ਵਿਚੋਂ 20.80 ਲੱਖ ਉਮੀਦਵਾਰ ਅਸਲ ਵਿਚ ਪ੍ਰੀਖਿਆ ਵਿਚ ਸ਼ਾਮਿਲ ਹੋਏ ਸਨ |