ਕਾਲਾਂਵਾਲੀ/ਸਿਰਸਾ, 3 ਜੂਨ (ਭੁਪਿੰਦਰ ਪੰਨੀਵਾਲੀਆ)- ਜੇ.ਈ.ਈ. ਐਡਵਾਂਸਡ 2025 ਦੇ ਨਤੀਜੇ 'ਚ ਗਲੋਬਲ ਸਟੱਡੀ ਪੁਆਇੰਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸਾਲ ਸੰਸਥਾ ਦੇ ਕੁੱਲ 12 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਉਨ੍ਹਾਂ 'ਚੋਂ 5 ਵਿਦਿਆਰਥੀਆਂ ਨੇ ਸਫਲਤਾ ਪ੍ਰਾਪਤ ਕਰਕੇ ਇਕ ਵੱਡੀ ਪ੍ਰਾਪਤੀ ਪ੍ਰਾਪਤ ਕੀਤੀ | ਸੰਸਥਾ ਦੀ ਡਾਇਰੈਕਟਰ ਪੂਜਾ ਸ਼ਰਮਾ ਨੇ ਕਿਹਾ ਕਿ ਨਿਸ਼ਾਂਤ ਨੇ ਇਸ ਪ੍ਰੀਖਿਆ 'ਚ ਆਲ ਇੰਡੀਆ ਕੈਟੇਗਰੀ ਰੈਂਕ-2057 ਪ੍ਰਾਪਤ ਕਰਕੇ ਆਪਣੀ ਮਿਹਨਤ, ਲਗਨ ਅਤੇ ਸੰਸਥਾ ਦੇ ਮਾਰਗਦਰਸ਼ਨ ਦੀ ਉਤਮਤਾ ਨੂੰ ਸਾਬਤ ਕੀਤਾ ਹੈ | ਇਸ ਤੋਂ ਇਲਾਵਾ ਜਸ਼ਨਦੀਪ ਸਿੰਘ ਨੇ ਕੈਟੇਗਰੀ ਰੈਂਕ-7004, ਅਰਮਾਨਪ੍ਰੀਤ ਕੌਰ ਨੇ ਰੈਂਕ-4589, ਪੂਨਮ ਨੇ ਰੈਂਕ-5180 ਅਤੇ ਆਰਿਫ ਨੇ ਰੈਂਕ-10440 ਪ੍ਰਾਪਤ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ | ਉਨ੍ਹਾਂ ਦੱਸਿਆ ਕਿ ਅੱਜ ਸੰਸਥਾ ਵਿੱਚ ਇੱਕ ਪੁਰਸਕਾਰ ਸਮਾਰੋਹ ਵਿੱਚ ਪੰਜ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ | ਸੰਸਥਾ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਵਿਦਿਆਰਥੀਆਂ ਦੀ ਇਹ ਇਤਿਹਾਸਕ ਸਫਲਤਾ ਉਨ੍ਹਾਂ ਦੀ ਸਖ਼ਤ ਮਿਹਨਤ, ਸਾਡੇ ਤਜਰਬੇਕਾਰ ਅਧਿਆਪਕਾਂ ਦੇ ਸਮਰਪਣ ਅਤੇ ਮਾਪਿਆਂ ਦੇ ਸਮਰਥਨ ਦਾ ਨਤੀਜਾ ਹੈ | ਇਹ ਪ੍ਰਾਪਤੀ ਪਿੰਡ ਔਢਾਂ ਅਤੇ ਸਿਰਸਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ | ਇਸ ਮੌਕੇ ਸੰਸਥਾ ਦੇ ਸਾਰੇ ਸਟਾਫ ਮੈਂਬਰ ਮੌਜੂਦ ਸਨ |