ਯਮੁਨਾਨਗਰ, 3 ਜੂਨ (ਗੁਰਦਿਆਲ ਸਿੰਘ ਨਿਮਰ)-ਪੁਲਿਸ ਥਾਣਾ ਸੈਕਟਰ-17 ਹੁੱਡਾ ਦੀ ਪੁਲਿਸ ਟੀਮ ਨੇ ਆਪ੍ਰੇਸ਼ਨ ਸਮਾਈਲ ਦੇ ਤਹਿਤ ਲਾਪਤਾ ਹੋਈ 2 ਸਾਲਾ ਬੱਚੀ ਨੂੰ ਸਿਰਫ਼ 2 ਘੰਟਿਆਂ 'ਚ ਲੱਭ ਕੇ ਸੁਰੱਖਿਅਤ ਪਰਿਵਾਰ ਦੇ ਹਵਾਲੇ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ. ਪੀ. ਸੁਰਿੰਦਰ ਸਿੰਘ ਭੌਰੀਆ ਦੀ ਅਗਵਾਈ ਹੇਠ ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਸੇਵਾ, ਸੁਰੱਖਿਆ ਤੇ ਸਹਿਯੋਗ ਦੇ ਨਾਅਰੇ ਨੂੰ ਸਾਕਾਰ ਕਰਨ 'ਚ ਲੱਗੇ ਹੋਏ ਹਨ | ਉਨ੍ਹਾਂ ਦੱਸਿਆ ਕਿ ਇਸੇ ਉਦੇਸ਼ ਤਹਿਤ ਕੰਮ ਕਰਦਿਆਂ ਥਾਣਾ ਸੈਕਟਰ-17 ਹੁੱਡਾ ਦੀ ਪੁਲਿਸ ਟੀਮ ਨੇ ਸਿਰਫ 2 ਘੰਟਿਆਂ 'ਚ ਇਕ ਲਾਪਤਾ ਹੋਈ 2 ਸਾਲਾ ਬੱਚੀ ਨੂੰ ਲੱਭ ਕੇ ਉਸ ਦੇ ਪਰਿਵਾਰ ਨਾਲ ਮਿਲਾਇਆ ਹੈ | ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-17 ਹੁੱਡਾ 'ਚ ਇਕ 2 ਸਾਲਾ ਨਾਬਾਲਗ ਬੱਚੀ ਲਾਵਾਰਸ ਹਾਲਤ 'ਚ ਘੁੰਮ ਰਹੀ ਹੈ | ਡਾਇਲ 112 ਦੀ ਟੀਮ ਇਸ ਬੱਚੀ ਨੂੰ ਪੁਲਿਸ ਥਾਣੇ ਲੈ ਕੇ ਆਈ ਅਤੇ ਪੁੱਛੇ ਜਾਣ 'ਤੇ ਇਹ ਬੱਚੀ ਕੁਝ ਵੀ ਨਹੀਂ ਦੱਸ ਰਹੀ ਸੀ | ਇਸ ਤੋਂ ਬਾਅਦ ਬੱਚੀ ਦੇ ਪਰਿਵਾਰ ਬਾਰੇ ਪਤਾ ਲਗਾਉਣ ਲਈ ਮਹਿਲਾ ਸਬ-ਇੰਸਪੈਕਟਰ ਆਰਤੀ ਹੈਲੋ ਦੀ ਅਗਵਾਈ ਹੇਠ ਇਕ ਟੀਮ ਬਣਾਈ ਗਈ, ਜਿਸ ਨੇ ਸੋਸ਼ਲ ਮੀਡੀਆ ਦੀ ਮਦਦ ਨਾਲ ਲੜਕੀ ਦੇ ਪਰਿਵਾਰ ਤੱਕ ਪਹੁੰਚ ਕੀਤੀ | ਪੁਲਿਸ ਟੀਮ ਨੇ ਅਣਥੱਕ ਕੋਸ਼ਿਸ਼ਾਂ ਨਾਲ ਇਸ ਲਾਪਤਾ 2 ਸਾਲਾ ਨਾਬਾਲਗ ਲੜਕੀ ਨੂੰ ਸੁਰੱਖਿਅਤ ਉਸ ਦੇ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰ ਦਿੱਤਾ |