ਪਟਵਾਰੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਗਿ੍ਫ਼ਤਾਰ
ਅਜੀਤ ਡੈਸਕ
04-06-2025
ਸਿਰਸਾ, 3 ਜੂਨ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਪਟਵਾਰ ਭਵਨ 'ਚੋਂ ਵਿਜੀਲੈਂਸ ਦੀ ਟੀਮ ਨੇ ਇਕ ਪਟਵਾਰੀ ਨੂੰ ਦੋ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਹੈ | ਵਿਜੀਲੈਂਸ ਗਿ੍ਫਤਾਰ ਕੀਤੇ ਗਏ ਪਟਵਾਰੀ ਦੀ ਪਛਾਣ ਪਰਮਜੀਤ ਵਜੋਂ ਹੋਈ ਹੈ | ਵਿਜੀਲੈਂਸ ਦੀ ਟੀਮ ਨੇ ਇਹ ਕਾਰਵਾਈ ਸੋਮਵਾਰ ਦੇਰ ਸ਼ਾਮ ਨੂੰ ਕੀਤੀ | ਵਿਜੀਲੈਂਸ ਟੀਮ ਨੇ ਪਟਵਾਰੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਮਿਲੀ ਜਾਣਕਾਰੀ ਅਨੁਸਾਰ ਸਿਰਸਾ ਦੀ ਭਗਤ ਸਿੰਘ ਕਾਲੋਨੀ ਵਾਸੀ ਅਨਿਲ ਕੁਮਾਰ ਨੇ ਸ਼ਹੀਦਾਂਵਾਲੀ ਪਿੰਡ 'ਚ ਆਪਣੀ ਜ਼ਮੀਨ ਦਾ ਇੰਤਕਾਲ ਕਰਵਾਉਣਾ ਸੀ | ਵਿਜੀਲੈਂਸ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਜ਼ਮੀਨ ਦਾ ਇੰਤਕਾਲ ਕਰਨ ਦੇ ਲਈ ਪਟਵਾਰੀ ਛੇ ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ | ਅਨਿਲ ਕੁਮਾਰ ਇੰਤਕਾਲ ਕਰਵਾਉਣ ਲਈ ਚਾਰ ਹਜ਼ਾਰ ਪਹਿਲਾਂ ਪਟਵਾਰੀ ਨੂੰ ਦੇ ਚੁੱਕਾ ਸੀ ਪਰ ਪਟਵਾਰੀ ਇੰਤਕਾਲ ਕਰਵਾਉਣ ਲਈ ਅਨਿਲ ਕੁਮਾਰ ਨੂੰ ਕਈ ਚੱਕਰ ਲਗਵਾ ਰਿਹਾ ਸੀ, ਜਿਸ ਦੀ ਸ਼ਿਕਾਇਤ ਉਸ ਨੇ ਵਿਜੀਲੈਂਸ ਦੀ ਟੀਮ ਨੂੰ ਕਰ ਦਿੱਤੀ | ਵਿਜੀਲੈਂਸ ਦੀ ਟੀਮ ਨੇ ਅਨਿਲ ਕੁਮਾਰ ਨੂੰ ਦੋ ਹਜ਼ਾਰ ਰੁਪਏ ਰੰਗ ਲਾ ਕੇ ਪਟਵਾਰੀ ਨੂੰ ਦੇਣ ਲਈ ਦਿੱਤੇ | ਜਿਵੇਂ ਹੀ ਅਨਿਲ ਕੁਮਾਰ ਨੇ ਪਟਵਾਰ ਭਵਨ 'ਚ ਪਟਵਾਰੀ ਪਰਮਜੀਤ ਨੂੰ ਦੋ ਹਜ਼ਾਰ ਰੁਪਏ ਦਿੱਤੇ ਤਾਂ ਉਥੇ ਮੌਜੂਦ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਕਾਬੂ ਕਰ ਲਿਆ | ਵਿਜੀਲੈਂਸ ਟੀਮ ਦੇ ਡੀਐਸਪੀ ਅਮਿਤ ਬੈਨੀਵਾਲ ਨੇ ਦੱਸਿਆ ਹੈ ਕਿ ਪਟਵਾਰੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |