ਯਮੁਨਾਨਗਰ, 4 ਜੂਨ (ਗੁਰਦਿਆਲ ਸਿੰਘ ਨਿਮਰ)-'ਅੰਤਰਰਾਸ਼ਟਰੀ ਯੋਗ ਦਿਵਸ' ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਹਰਿਆਣਾ ਯੋਗ ਕਮਿਸ਼ਨ ਅਤੇ ਆਯੂਸ਼ ਵਿਭਾਗ ਦੇ ਮਾਰਗਦਰਸ਼ਨ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਟੌਲੀ ਵਿਖੇ ਇਕ ਰੋਜ਼ਾ ਯੋਗ ਸਿਖਲਾਈ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਮੁੱਖ ਉਦੇਸ਼ ਨਾਗਰਿਕਾਂ ਨੂੰ ਸਿਹਤਮੰਦ ਜੀਵਨ-ਸ਼ੈਲੀ ਅਪਨਾਉਣ ਅਤੇ ਵਾਤਾਵਰਨ ਸੁਰੱਖਿਆ ਪ੍ਰਤੀ ਜਾਗਰੂਕ ਕਰਨਾ ਸੀ | ਇਸ ਮੌਕੇ ਨਗਰ ਨਿਗਮ ਦੀ ਮੇਅਰ ਸੁਮਨ ਬਾਹਮਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਯੋਗ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪਹਿਲੀ ਖੁਸ਼ੀ ਇਕ ਸਿਹਤਮੰਦ ਸਰੀਰ ਹੈ | ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਕਹਾਵਤ ਨਹੀਂ, ਸਗੋਂ ਇਕ ਵਿਵਹਾਰਕ ਜੀਵਨ ਦਰਸ਼ਨ ਹੈ | ਉਨ੍ਹਾਂ ਕਿਹਾ ਕਿ ਯੋਗ ਨਾ ਸਿਰਫ਼ ਸਰੀਰ ਨੂੰ ਤੰਦਰੁਸਤ ਰੱਖਦਾ ਹੈ, ਸਗੋਂ ਮਾਨਸਿਕ ਅਤੇ ਭਾਵਨਾਤਮਕ ਸੰਤੁਲਨ ਵੀ ਪ੍ਰਦਾਨ ਕਰਦਾ ਹੈ | ਇਸ ਤੋਂ ਬਾਅਦ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਨੇਹਾ ਕਾਦੀਆਂ ਨੇ ਭਾਗੀਦਾਰਾਂ ਨੂੰ ਵੱਖ-ਵੱਖ ਯੋਗ ਆਸਣਾਂ ਅਤੇ ਉਨ੍ਹਾਂ ਦੇ ਲਾਭਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਯੋਗ ਅਭਿਆਸ ਸੈਸ਼ਨ ਦੀ ਅਗਵਾਈ ਯੋਗ ਇੰਸਟਰੱਕਟਰ ਸ਼ਿਵ ਕੁਮਾਰ ਸੈਣੀ ਦੁਆਰਾ ਕੀਤੀ ਗਈ | ਇਸ ਮੌਕੇ ਸਕੂਲੀ ਵਿਦਿਆਰਥੀਆਂ ਦੇ ਨਾਲ-ਨਾਲ ਪੇਂਡੂ ਨਾਗਰਿਕਾਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਹਰਿਆਣਾ ਆਯੁਸ਼ ਵਿਭਾਗ ਦੇ ਸਾਬਕਾ ਡਾਇਰੈਕਟਰ ਡਾ. ਸਤਪਾਲ ਬਾਹਮਣੀ ਨੇ ਕਿਹਾ ਕਿ ਯੋਗ ਦਿਵਸ ਨੂੰ ਰਾਜ ਭਰ 'ਚ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦੇ ਲਾਭਾਂ ਬਾਰੇ ਜਾਗਰੂਕ ਹੋ ਸਕਣ | ਉਨ੍ਹਾਂ ਕਿਹਾ ਕਿ ਇਹ ਸਿਖਲਾਈ ਕੈਂਪ ਰਾਜ ਭਰ 'ਚ ਚੱਲ ਰਹੀਆਂ ਯੋਗ ਦਿਵਸ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਦਾ ਇਕ ਹਿੱਸਾ ਹੈ | ਕੈਂਪ ਦੀ ਸਮਾਪਤੀ ਤੋਂ ਬਾਅਦ ਬੂਟੇ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ, ਜਿਸ 'ਚ ਭਾਗ ਲੈਂਦਿਆਂ ਮੇਅਰ ਸੁਮਨ ਬਾਹਮਣੀ, ਡਾ. ਸਤਪਾਲ ਬਾਹਮਣੀ, ਵਾਰਡ ਕੌਂਸਲਰ ਰੀਨਾ ਰਸਤੋਗੀ, ਯੋਗ ਅਧਿਆਪਕ ਰੀਨਾ ਸਿੰਘਲ, ਸਾਬਕਾ ਸਰਪੰਚ ਰਾਜਬੀਰ ਤੇ ਸਮਾਜ ਸੇਵੀ ਅਰੁਣ ਕੰਬੋਜ ਆਦਿ ਨੇ ਸਕੂਲ ਕੈਂਪਸ ਵਿਖੇ ਬੂਟੇ ਲਗਾਏ ਅਤੇ ਹਾਜ਼ਰੀਨਾਂ ਨੂੰ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ | ਪਿੰਡ ਵਾਸੀਆਂ ਨੇ ਵੀ ਇਸ ਪਹਿਲਕਦਮੀ 'ਚ ਸਰਗਰਮੀ ਨਾਲ ਹਿੱਸਾ ਲਿਆ |