ਨਵੀਂ ਦਿੱਲੀ, 4 ਜੂਨ (ਮਿਸਰਦੀਪ ਭਾਟੀਆ)-ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਨੇ ਰਾਜਧਾਨੀ ਵਿਚ ਗੈਰ ਕਾਨੂੰਨੀ ਤੌਰ 'ਤੇ ਰਹਿ ਰਹੇ 18 ਬੰਗਲਾਦੇਸ਼ੀਆਂ ਨੂੰ ਗਿ੍ਫਤਾਰ ਕੀਤਾ ਹੈ | ਉਨ੍ਹਾਂ ਨੂੰ ਵਿਦੇਸ਼ੀ ਸੈੱਲ ਦੀ ਟੀਮ ਨੇ 3 ਜੂਨ ਨੂੰ ਪੀ.ਐੱਸ. ਭਾਰਤ ਨਗਰ ਇਲਾਕੇ ਵਿਚ ਛਾਪੇਮਾਰੀ ਦੌਰਾਨ ਇਕ ਵਿਸ਼ੇਸ਼ ਕਾਰਵਾਈ ਦੌਰਾਨ ਫੜਿਆ ਹੈ | ਕੁੱਲ 18 ਵਿਅਕਤੀ ਜਿਨ੍ਹਾਂ ਵਿਚ 6 ਬਾਲਗ ਅਤੇ 12 ਬੱਚੇ ਸ਼ਾਮਿਲ ਹਨ | ਉਨ੍ਹਾਂ ਪਾਸੋਂ 4 ਬੰਗਲਾਦੇਸ਼ੀ ਆਈ ਡੀ ਅਤੇ ਪਾਬੰਦੀਸ਼ੁਦਾ ਆਈ ਐੱਮ ਓ ਐਪ ਸਥਾਪਿਤ ਕੀਤਾ ਹੋਇਆ ਅਤੇ ਇਕ ਮੋਬਾਈਲ ਫੋਨ ਮਿਲਿਆ ਹੈ | ਇਲਾਕੇ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਮੌਜ਼ੂਦਗੀ ਬਾਰੇ ਵਿਸ਼ੇਸ਼ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕੀਤੀ ਗਈ ਸੀ | ਇਕ ਖੁਫੀਆ ਜਾਣਕਾਰੀ ਮਿਲੀ ਸੀ ਕਿ ਤਿੰਨ ਪਰਿਵਾਰ ਹਰਿਆਣਾ ਤੋਂ ਆਏ ਹਨ ਅਤੇ ਹੁਣ ਵਜ਼ੀਰਪੁਰ ਜੇ ਜੇ ਕਾਲੋਨੀ ਵਿਚ ਛੁਪੇ ਹੋਏ ਹਨ | ਉਨ੍ਹਾਂ ਦੇੇ ਲਗਾਤਾਰ ਆਪਣਾ ਟਿਕਾਣਾ ਬਦਲਣ ਦੀ ਗੱਲ ਸਾਹਮਣੇ ਆ ਰਹੀ ਸੀ | ਇਸਪੈਕਟਰ ਵਿਪਿਨ ਕੁਮਾਰ (ਵਿਦੇਸ਼ੀ ਸੈੱਲ) ਦੀ ਨਿਗਰਾਨੀ ਹੇਠ ਇਕ ਟੀਮ ਬਣਾਈ ਗਈ ਸੀ, ਜਿਸ ਨੇ ਮੁਹਿੰਮ ਚਲਾ ਕੇ ਛਾਪੇਮਾਰੀ ਨੂੰ ਅੰਜ਼ਾਮ ਦਿੱਤਾ | ਕਾਰਵਾਈ ਦੌਰਾਨ ਟੀਮ ਨੇ ਇਲਾਕੇ ਨੂੰ ਘੇਰ ਲਿਆ ਅਤੇ ਵੈਰੀਫਿਕੇਸ਼ਨ ਮੁਹਿੰਮ ਚਲਾਈ | ਲਗਭਗ 36 ਫੁੱਟਪਾਥਾਂ ਅਤੇ 45 ਗਲੀਆਂ ਦੀ ਤਲਾਸ਼ੀ ਲਈ ਗਈ | ਕਾਰਵਾਈ ਦੌਰਾਨ ਇਕ ਸ਼ੱਕੀ ਵਿਅਕਤੀ ਨੂੰ ਫੜਿਆ ਗਿਆ ਅਤੇ ਉਸ ਤੋਂ ਲੰਮੀ ਪੁੱਛਗਿੱਛ ਕੀਤੀ ਗਈ | ਪਹਿਲਾਂ ਤਾਂ ਉਸਨੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਸਖਤ ਪੁੱਛਗਿੱਛ ਤੋਂ ਬਾਅਦ ਉਸਨੇ ਮੰਨਿਆ ਕਿ ਉਹ ਬੰਗਲਾਦੇਸ਼ੀ ਹੈ | ਪੁੱਛਗਿੱਛ ਦੌਰਾਨ ਇਹ ਪਤਾ ਲੱਗਾ ਕਿ ਪਰਿਵਾਰ ਹਰਿਆਣਾ 'ਚ ਰੈੱਡ ਕਲੇ ਬਿ੍ਕਸ ਕੰਪਨੀ ਵਿਚ ਮਜ਼ਦੂਰ ਵਜੋਂ ਕੰਮ ਕਰ ਰਹੇ ਸਨ | ਹਰਿਆਣਾ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਕਾਰਨ ਉਹ ਦਿੱਲੀ ਆ ਗਏ | ਇੱਥੇ ਆਉਣ ਤੋਂ ਬਾਅਦ ਉਨ੍ਹਾਂ ਨੇ ਉੱਤਰ ਪੱਛਮੀ ਜ਼ਿਲ੍ਹੇ ਦੇ ਵਜ਼ੀਰਪੁਰ ਅਤੇ ਆਸਪਾਸ ਦੇ ਇਲਾਕਿਆਂ ਵਿਚ ਰਹਿਣ ਦੀ ਯੋਜਨਾ ਬਣਾਈ | ਉਸਦੇ ਕਹਿਣ 'ਤੇ ਪਰਿਵਾਰ ਦੇ ਹੋਰ ਮੈੈਂਬਰਾਂ ਨੂੰ ਵੀ ਗਿ੍ਫਤਾਰ ਕੀਤਾ ਗਿਆ | 18 ਬੰਗਲਾਦੇਸ਼ੀ ਨਾਗਰਿਕ ਇਸ ਖੇਤਰ ਵਿਚ ਬਿਨਾਂ ਕਿਸੇ ਜਾਇਜ਼ ਯਾਤਰਾ ਦਸਤਾਵੇਜ਼ਾਂ, ਵੀਜ਼ਾ ਜਾਂ ਪਰਮਿਟ ਦੇ ਰਹਿ ਰਹੇ ਸਨ | ਇਹ ਵਿਦੇਸ਼ੀ ਐਕਟ 1946 ਅਤੇ ਹੋਰ ਸੰਬੰਧਿਤ ਇਮੀਗ੍ਰੇਸ਼ਨ ਕਾਨੂੰਨਾਂ ਦੇ ਉਪ ਬੰਧਾਂ ਦੀ ਉਲੰਘਣਾ ਕਰਦਾ ਹੈ | ਸਾਰੇ ਵਿਅਕਤੀਆਂ ਨੂੰ ਮੌਕੇ 'ਤੇ ਹਿਰਾਸਤ ਵਿਚ ਲੈ ਗਿਆ ਗਿਆ ਹੈ ਅਤੇ ਵਿਸਥਾਰ ਨਾਲ ਪੁੱਛਗਿੱਛ ਲਈ (ਵਿਦੇਸ਼ੀ) ਸੈੱਲ ਵਿੱਚ ਭੇਜ ਦਿੱਤਾ ਗਿਆ ਹੈ |