ਨਵੀਂ ਦਿੱਲੀ, 1 ਸਤੰਬਰ (ਮਿਸਰਦੀਪ)-ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਮੀਂਹ ਪੈ ਰਿਹਾ ਹੈ | ਇਸ ਦੇ ਨਾਲ ਹੀ ਹਰਿਆਣਾ ਦੇ ਹਥਿਨੀਕੁੰਡ ਬੈਰਾਜ ਤੋਂ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਦਾ ਅਸਰ ਯਮੁਨਾ ਵਿਚ ਦੇਖਣ ਨੂੰ ਮਿਲ ਰਿਹਾ ਹੈ | ਯਮੁਨਾ ਨਦੀ ਚਿਤਾਵਨੀ ਦੇ ਪੱਧਰ ਨੂੰ ਪਾਰ ਕਰ ਗਈ ਹੈ | ਦਿੱਲੀ ਵਿਚ ਯਮੁਨਾ ਵਿਚ ਲਗਾਤਾਰ ਪਾਣੀ ਵਧਣ ਦਾ ਸਿਲਸਿਲਾ ਜਾਰੀ ਹੈ | ਯਮੁਨਾ ਘਾਟ ਕਾਿਲੰਦੀ ਕੁੰਜ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਨਿਚਰਵਾਰ ਤੋਂ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਸੀ | ਯਮੁਨਾ ਨਦੀ ਦੇ ਪਾਣੀ ਦਾ ਪੱਧਰ ਪੁਰਾਣੇ ਰੇਲਵੇ ਪੁਲ 'ਤੇ 205.52 ਮੀਟਰ ਤੱਕ ਪਹੁੰਚ ਗਿਆ ਹੈ, ਜੋ ਖ਼ਤਰੇ ਦੇ ਨਿਸ਼ਾਨ 205.33 ਨੂੰ ਪਾਰ ਕਰ ਗਿਆ ਹੈ ਅਤੇ ਹਥਿਨੀਕੁੰਡ ਬੈਰਾਜ ਤੋਂ ਲਗਾਤਾਰ ਪਾਣੀ ਛੱਡਣ ਦਾ ਸਿਲਸਿਲਾ ਜਾਰੀ ਹੈ | ਹਥਿਨੀਕੁੰਡ ਬੈਰਾਜ ਤੋਂ 329313 ਕਿਊਸਿਕ ਪਾਣੀ ਛੱਡਿਆ ਗਿਆ ਹੈ | ਅੱਜ ਸਵੇਰੇ 7.00 ਵਜੇ ਹਥਿਨੀਕੁੰਡ ਬੈਰਾਜ ਤੋਂ 272000 ਕਿਊਸਿਕ ਪਾਣੀ ਛੱਡਿਆ ਗਿਆ | ਇਸ ਤੋਂ ਬਾਅਦ 8.00 ਵਜੇ ਤਕਰੀਬਨ 311032 ਕਿਊਸਿਕ ਪਾਣੀ ਛੱਡਿਆ ਗਿਆ ਅਤੇ 9 ਵਜੇ 329313 ਕਿਊਸਿਕ ਪਾਣੀ ਛੱਡਿਆ ਗਿਆ ਹੈ, ਜੋ ਕੱਲ੍ਹ ਤੱਕ ਦਿੱਲੀ ਪਹੁੰਚ ਜਾਵੇਗਾ | 11 ਜੁਲਾਈ, 2023 ਨੂੰ ਹਥਿਨੀਕੁੰਡ ਬੈਰਾਜ ਤੋਂ 3.6 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ, ਜਿਸ ਕਾਰਨ ਦਿੱਲੀ ਦੇ ਕਈ ਇਲਾਕੇ ਹੜ੍ਹਾਂ ਦੀ ਮਾਰ ਹੇਠ ਆ ਗਏ ਸਨ | ਹਰ ਘੰਟੇ ਲੱਖਾਂ ਕਿਊਸਿਕ ਪਾਣੀ ਛੱਡੇ ਜਾਣ ਨਾਲ ਇਕ ਵਾਰ ਫਿਰ 2023 ਵਰਗੇ ਹਾਲਾਤ ਪੈਦਾ ਹੋਣ ਦੀ ਸੰਭਾਵਨਾ ਹੈ | ਅਧਿਕਾਰੀ ਦੇ ਅਨੁਸਾਰ ਸਥਿਤੀ 'ਤੇ ਨੇੜਿਓਾ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਾਰੀਆਂ ਸੰਬੰਧਿਤ ਏਜੰਸੀਆਂ ਨੂੰ ਸੰਭਾਵਿਤ ਸਥਿਤੀ ਨਾਲ ਨਜਿੱਠਣ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਗਿਆ ਹੈ | ਦਿੱਲੀ-ਮੇਰਠ ਐਕਸਪ੍ਰੈੱਸ-ਵੇਅ ਅਤੇ ਮਯੂਰ ਵਿਹਾਰ ਵਿਚ ਨਦੀ ਦੇ ਪਾਸ ਨੀਵੇਂ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਅਸਥਾਈ ਤੌਰ 'ਤੇ ਠਹਿਰਾਉਣ ਲਈ ਤੰਬੂ ਲਗਾਏ ਗਏ ਹਨ | ਬੈਰਾਜਾਂ ਤੋਂ ਛੱਡੇ ਗਏ ਪਾਣੀ ਨੂੰ ਦਿੱਲੀ ਪਹੁੰਚ ਵਿਚ ਆਮ ਤੌਰ 'ਤੇ 48 ਤੋਂ 50 ਘੰਟੇ ਲੱਗਦੇ ਹਨ | ਇੰਝ ਅਗਲੇ 48 ਘੰਟੇ ਭਾਰੀ ਹੋਣਗੇ | ਹਥਿਨੀਕੁੰਡ ਬੈਰਾਜ ਦੇ ਸਾਰੇ 18 ਗੇਟ ਖੋਲ੍ਹ ਦਿੱਤੇ ਗਏ ਹਨ |