ਨਵੀਂ ਦਿੱਲੀ, 5 ਸਤੰਬਰ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ, ਦਿੱਲੀ ਇਕਾਈ ਦੇ ਯੂਥ ਵਿੰਗ ਪ੍ਰਧਾਨ ਰਮਨਦੀਪ ਸਿੰਘ ਸੋਨੂੰ ਨੇ ਮੀਡੀਆ ਨੂੰ ਜਾਰੀ ਬਿਆਨ 'ਚ ਸੈਂਟਰ ਸਰਕਾਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤਾਂ ਲਈ 1 ਲੱਖ ਕਰੋੜ ਦੇ ਪੈਕੇਜ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਦਿੱਲੀ ਦੇ ਜਿਹੜੇ ਸਿੱਖ ਆਗੂ, ਸਿੱਖਾਂ ਦੇ ਵੱਡੇ ਨੁਮਾਇੰਦੇ ਹੋਣ ਦਾ ਦਾਅਵਾ ਕਰਦੇ ਹਨ, ਉਨ੍ਹਾਂ ਲਈ ਮੌਕਾ ਹੈ ਕਿ ਉਹ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ 1 ਲੱਖ ਕਰੋੜ ਦਾ ਪੈਕੇਜ ਪੰਜਾਬ ਲਈ ਦਿਵਾਉਣ | ਰਮਨਦੀਪ ਸਿੰਘ ਸੋਨੂੰ ਨੇ ਕਿਹਾ ਕਿ ਭਾਰਤ 'ਚ ਕਿਤੇ ਵੀ ਕਿਸੇ ਵੀ ਤਰ੍ਹਾਂ ਆਫ਼ਤ ਆਉਂਦੀ ਹੈ, ਸਿੱਖ ਹਰ ਥਾਂ ਪੁੱਜ ਕੇ ਲੰਗਰ ਲਾਉਂਦੇ ਹਨ, ਮਦਦ ਕਰਦੇ ਹਨ ਪਰ ਪੰਜਾਬ ਵਿਚ ਆਈ ਕੁਦਰਤੀ ਆਫ਼ਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੇਸ਼ ਦੇ ਬਾਕੀ ਰਾਜਾਂ ਨੇ ਚੁੱਪੀ ਵੱਟੀ ਹੋਈ ਹੈ | ਉਨ੍ਹਾਂ ਨੇ ਕਿਹਾ ਕਿ ਸੰਸਾਰ ਵਿਚ ਬੈਠੇ ਸਿੱਖ ਪੰਜਾਬ ਲਈ ਆਪਣਾ ਦਸਵੰਧ ਦੇ ਰਹੇ ਹਨ ਪਰ ਦਿੱਲੀ ਵੱਲੋਂ ਹਮੇਸ਼ਾ ਪੰਜਾਬ ਨਾਲ ਵਿਤਕਰਾ ਕਰਨ ਦਾ ਸਿਲਸਿਲਾ ਬਾ-ਦਸਤੂਰ ਜਾਰੀ ਹੈ |