ਗੁਹਲਾ ਚੀਕਾ, 6 ਸਤੰਬਰ (ਓ.ਪੀ. ਸੈਣੀ)- ਪਿੰਡ ਪਹਾੜਪੁਰ 'ਚ ਘਰ 'ਤੇ ਗੈਰ-ਕਾਨੂੰਨੀ ਪਿਸਤੌਲ ਨਾਲ ਹਮਲਾ ਕਰਨ ਦੇ ਮਾਮਲੇ 'ਚ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਪੁਲਿਸ ਬੁਲਾਰੇ ਨੇ ਦੱਸਿਆ ਕਿ ਪਹਾੜਪੁਰ ਦੇ ਦੇਵੀ ਦਿਆਲ ਨਿਵਾਸੀ ਦੀ ਸ਼ਿਕਾਇਤ ਅਨੁਸਾਰ, 3 ਸਤੰਬਰ ਦੀ ਰਾਤ ਨੂੰ ਲਗਭਗ 12 ਵਜੇ ਪਿੰਡ ਉਮੇਦਪੁਰ ਦੇ ਦਮਨ ਨਿਵਾਸੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਮਾਰਨ ਦੇ ਇਰਾਦੇ ਨਾਲ ਉਸ ਦੇ ਘਰ 'ਤੇ ਚਾਰ ਗੋਲੀਆਂ ਚਲਾਈਆਂ ਦੋ ਗੋਲੀਆਂ ਉਸ ਦੇ ਘਰ ਦੀ ਕੰਧ 'ਤੇ ਲੱਗੀਆਂ ਜਿਸ ਕਾਰਨ ਸਾਰੇ ਪਰਿਵਾਰਕ ਮੈਂਬਰ ਡਰ ਗਏ ਤੇ ਲੁਕ ਕੇ ਆਪਣੀ ਜਾਨ ਬਚਾਈ | ਸ਼ਿਕਾਇਤਕਰਤਾ ਦੇ ਅਨੁਸਾਰ, ਦਮਨ ਸਿੰਘ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦਾ ਸੀ ਜਿਸ 'ਤੇ ਉਸ ਦੇ ਪੁੱਤਰ ਤੇ ਪਿੰਡ ਦੇ ਹੋਰ ਲੋਕਾਂ ਨੇ ਉਸ ਨੂੰ ਹੌਲੀ ਗੱਡੀ ਚਲਾਉਣ ਦੀ ਸਲਾਹ ਦਿੱਤੀ ਸੀ | ਇਸ ਸੰਬੰਧੀ ਮੁਲਜ਼ਮ ਨੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਦਿਆਂ ਉਸ ਨਾਲ ਦੁਰਵਿਵਹਾਰ ਕੀਤਾ ਤੇ ਧਮਕੀਆਂ ਦਿੱਤੀਆਂ | ਇਸ ਰੰਜਿਸ਼ ਕਾਰਨ ਇਹ ਘਟਨਾ ਵਾਪਰੀ | ਸੀਵਾਨ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਸੀ | ਐਸ.ਪੀ. ਆਸਥਾ ਮੋਦੀ ਦੇ ਹੁਕਮਾਂ ਅਨੁਸਾਰ, ਡੀ.ਐਸ.ਪੀ. ਗੁਹਲਾ ਕੁਲਦੀਪ ਬੇਨੀਵਾਲ ਦੀ ਟੀਮ ਵਲੋਂ ਮਾਮਲੇ ਦੀ ਜਾਂਚ ਕੀਤੀ ਗਈ ਤੇ ਦੋਸ਼ੀ ਪ੍ਰਦਮਨ, ਵਾਸੀ ਪਿੰਡ ਉਮੇਦਪੁਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਦੋਸ਼ੀ ਦੇ ਕਬਜ਼ੇ 'ਚੋਂ ਅਪਰਾਧ 'ਚ ਵਰਤਿਆ ਗਿਆ 315 ਬੋਰ ਦਾ ਗੈਰ-ਕਾਨੂੰਨੀ ਦੇਸੀ ਪਿਸਤੌਲ ਤੇ 4 ਖਾਲੀ ਖੋਲ ਬਰਾਮਦ ਕੀਤੇ ਗਏ ਹਨ | ਦੋਸ਼ੀ ਨੂੰ ਸਨਿਚਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ |
ਘਰ 'ਤੇ ਹਮਲਾ ਕਰਨ ਦੇ ਮਾਮਲੇ 'ਚ ਮੁਲਜ਼ਮ ਗਿ੍ਫ਼ਤਾਰ <br/>
ਗੋਲੀਬਾਰੀ ਤੇ ਜਾਨਲੇਵਾ ਹਮਲਾ ਕਰਨ ਵਾਲਾ ਕਥਿਤ ਦੋਸ਼ੀ ਪੁਲਿਸ ਹਿਰਾਸਤ 'ਚ | ਤਸਵੀਰ : ਓ.ਪੀ. ਸੈਣੀ<br/>
07-09-2025