ਯਮੁਨਾਨਗਰ, 25 ਸਤੰਬਰ (ਗੁਰਦਿਆਲ ਸਿੰਘ ਨਿਮਰ)- ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਤੋਂ ਐਨ. ਐਸ. ਐਸ. ਅਧਿਕਾਰੀ ਰਿਚਾ ਖਰਬੰਦਾ ਤੇ ਤਿੰਨ ਹੋਰ ਹੋਣਹਾਰ ਵਲੰਟੀਅਰਾਂ ਨੇ ਹਾਲ ਹੀ ਵਿਚ ਸੇਂਟ ਲਾਰੈਂਸ ਇੰਟਰਨੈਸ਼ਨਲ ਸਕੂਲ ਬਿਲਾਸਪੁਰ ਵਿਖੇ ਕਰਵਾਏ ਸੱਤ ਰੋਜ਼ਾ ਰਾਸ਼ਟਰੀ ਏਕਤਾ ਕੈਂਪ ਵਿਚ ਸਰਗਰਮੀ ਨਾਲ ਹਿੱਸਾ ਲਿਆ | ਕੈਂਪ ਵਿਚ ਜੰਮੂ-ਕਸ਼ਮੀਰ, ਛੱਤੀਸਗੜ੍ਹ, ਪੰਜਾਬ, ਦਿੱਲੀ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉਤਰਾਖੰਡ, ਉੱਤਰ ਪ੍ਰਦੇਸ਼, ਗੁਜਰਾਤ, ਰਾਜਸਥਾਨ, ਮਹਾਂਰਾਸ਼ਟਰ ਤੇ ਹਰਿਆਣਾ ਸਮੇਤ 11 ਰਾਜਾਂ ਦੇ ਕੁੱਲ 207 ਵਲੰਟੀਅਰਾਂ ਨੇ ਭਾਗ ਲਿਆ | ਇਸ ਦੌਰਾਨ ਆਦਰਸ਼ ਧੀਮਾਨ ਨੇ ਸਾਈਬਰ ਸੁਰੱਖਿਆ ਤੇ ਉੱਦਮਤਾ 'ਤੇ ਇੱਕ ਇੰਟਰਐਕਟਿਵ ਲੈਕਚਰ ਨਾਲ ਸਾਰੇ ਭਾਗੀਦਾਰਾਂ ਨੂੰ ਪ੍ਰੇਰਿਤ ਕੀਤਾ | ਉਨ੍ਹਾਂ ਦੇ ਲੈਕਚਰ ਨੇ ਨਾ ਸਿਰਫ਼ ਤਕਨੀਕੀ ਗਿਆਨ ਵਿਚ ਵਾਧਾ ਕੀਤਾ ਬਲਕਿ ਨੌਜਵਾਨਾਂ ਵਿਚ ਨਵੀਨਤਾ ਤੇ ਉੱਦਮੀ ਭਾਵਨਾ ਨੂੰ ਵੀ ਪ੍ਰੇਰਿਤ ਕੀਤਾ | ਕੈਂਪ ਨੇ ਟੀਮ-ਨਿਰਮਾਣ ਗਤੀਵਿਧੀਆਂ, ਸਮੂਹ ਕਾਰਜ ਤੇ ਸੱਭਿਆਚਾਰਕ ਸਮਾਗਮਾਂ ਰਾਹੀਂ ਲੀਡਰਸ਼ਿਪ ਅਤੇ ਸਹਿਯੋਗ ਵਿਚ ਕੀਮਤੀ ਸਬਕ ਵੀ ਪ੍ਰਦਾਨ ਕੀਤੇ | ਪ੍ਰੋਗਰਾਮ ਦੀ ਸਮਾਪਤੀ ਸਮਾਰੋਹ ਵਿਚ ਪੰਚਕੂਲਾ ਦੇ ਐਨ. ਐਸ. ਐਸ. ਪ੍ਰੋਗਰਾਮ ਅਧਿਕਾਰੀ ਰਾਜ, ਡਾ. ਦਿਨੇਸ਼ ਕੁਮਾਰ ਤੇ ਜ਼ਿਲ੍ਹਾ ਪ੍ਰਾਇਮਰੀ ਸਿੱਖਿਆ ਅਧਿਕਾਰੀ ਬਿਲਾਸਪੁਰ ਪ੍ਰੇਮਲਤਾ ਬਖਸ਼ੀ ਨੇ ਰਿਚਾ ਖਰਬੰਦਾ ਤੇ ਵਲੰਟੀਅਰਾਂ ਆਦਰਸ਼, ਅਥਰਵ ਅਤੇ ਅਮਨ ਨੂੰ ਭਾਗੀਦਾਰੀ ਅਤੇ ਸ਼ਮੂਲੀਅਤ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸੰਸਥਾ ਦੇ ਪਿ੍ੰਸੀਪਲ ਅਨਿਲ ਕੁਮਾਰ, ਪ੍ਰਬੰਧਨ ਤੇ ਸਟਾਫ ਨੇ ਇਸ ਪ੍ਰਾਪਤੀ ਲਈ ਐੱਨ. ਐੱਸ. ਐੱਸ. ਅਧਿਕਾਰੀਆਂ ਤੇ ਵਲੰਟੀਅਰਾਂ ਦੀ ਪ੍ਰਸ਼ੰਸਾ ਕੀਤੀ |