ਤੁਹਾਡੇ ਨਾਸ਼ਤੇ ਦੀ ਮੇਜ਼ 'ਤੇ ਪਿਆ ਸੰਤਰੇ ਦਾ ਜੂਸ ਇਕ ਗਿਲਾਸ ਤੁਹਾਨੂੰ ਕੀ-ਕੀ ਫ਼ਾਇਦੇ ਦੇ ਸਕਦਾ ਹੈ, ਸ਼ਾਇਦ ਤੁਹਾਨੂੰ ਇਸ ਦਾ ਗਿਆਨ ਨਹੀਂ। ਇਹ ਤੁਹਾਡੇ ਖੂਨ ਵਿਚ ਕੋਲੈਸਟ੍ਰੋਲ ਦੇ ਪੱਧਰ ਵਿਚ ਕਮੀ ਲਿਆ ਸਕਦਾ ਹੈ। ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰ ਸਕਦਾ ਹੈ ਅਤੇ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਵਿਚ ਸੁਧਾਰ ਲਿਆ ਸਕਦਾ ਹੈ। ਤੁਹਾਡੀ ਚਮੜੀ ਦੀ ਸਿਹਤ ਵਿਚ ਸੁਧਾਰ ਤੇ ਕਈ ਹੋਰ ਮਹੱਤਵਪੂਰਨ ਲਾਭ ਦੇ ਸਕਦਾ ਹੈ।
ਇਸ ਸੰਤਰੇ ਦੇ ਜੂਸ ਵਿਚ ਹੈ ਵਿਟਾਮਿਨ 'ਸੀ' ਤੁਹਾਨੂੰ ਏਨੇ ਫ਼ਾਇਦੇ ਦੇ ਰਿਹਾ ਹੈ। ਵਿਟਾਮਿਨ 'ਸੀ' ਫਲਾਂ, ਹਰੀਆਂ ਸਬਜ਼ੀਆਂ, ਟਮਾਟਰ, ਸ਼ਿਮਲਾ ਮਿਰਚ, ਰਸੀਲੇ ਤੇ ਖੱਟੇ ਫਲਾਂ ਵਿਚ ਪਾਇਆ ਜਾਂਦਾ ਹੈ। ਉਂਝ ਤਾਂ ਮਾਹਿਰਾਂ ਅਨੁਸਾਰ ਵਿਟਾਮਿਨ 'ਸੀ' ਦੀ ਹਰ ਰੋਜ਼ 60 ਗ੍ਰਾਮ ਮਾਤਰਾ ਦੀ ਵਰਤੋਂ ਸਿਹਤ ਲਈ ਚੰਗੀ ਹੁੰਦੀ ਹੈ ਪਰ ਜੋ ਲੋਕ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਇਸ ਦੀ ਜ਼ਿਆਦਾ ਮਾਤਰਾ ਦੀ ਜ਼ਰੂਰਤ ਹੁੰਦੀ ਹੈ। ਖੋਜਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਜੋ ਵਿਅਕਤੀ ਨਸ਼ਾ ਕਰਦੇ ਹਨ ਉਨ੍ਹਾਂ ਦੇ ਖੂਨ ਵਿਚ ਵਿਟਾਮਿਨ 'ਸੀ' ਦੀ ਮਾਤਰਾ, ਨਸ਼ਾ ਨਾ ਕਰਨ ਵਾਲਿਆਂ ਵਿਅਕਤੀਆਂ ਦੇ ਮੁਕਾਬਲੇ 25 ਫ਼ੀਸਦੀ ਘੱਟ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਵਾਧੂ ਤਣਾਅ, ਬੁਖਾਰ, ਇੰਫੈਕਸ਼ਨ, ਗਰਭ ਅਵਸਥਾ ਅਤੇ ਬੁਢਾਪੇ ਵਿਚ ਇਸ ਦੀ ਜ਼ਰੂਰਤ ਵਧ ਜਾਂਦੀ ਹੈ। ਆਓ, ਜਾਣਦੇ ਹਾਂ ਇਸ ਵਿਟਾਮਿਨ ਦੇ ਫ਼ਾਇਦਿਆਂ ਬਾਰੇ :
ਵਿਟਾਮਿਨ 'ਸੀ' ਫ੍ਰੀ ਰੈਡੀਕਲਜ਼ ਤੋਂ ਸੁਰੱਖਿਆ ਦਿੰਦਾ ਹੈ ਤੇ ਕਈ ਗੰਭੀਰ ਰੋਗਾਂ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ। ਫ੍ਰੀ ਰੈਡੀਕਲਜ਼ ਤੋਂ ਸੁਰੱਖਿਆ ਦੇਣ ਵਿਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਐਂਟੀ ਆਕਸੀਡੈਂਟ ਅਤੇ ਇਨ੍ਹਾਂ ਐਂਟੀ ਆਕਸੀਡੈਂਟ ਵਿਚੋਂ ਇਕ ਹੈ ਵਿਟਮਿਨ 'ਸੀ'।
ਵਿਟਾਮਿਨ 'ਸੀ' ਖੂਨ ਵਿਚ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਵਿਚ ਸਹਾਇਕ ਬਣਦਾ ਹੈ। ਇਹ ਖੂਨ ਵਿਚ ਕੋਲੈਸਟ੍ਰੋਲ ਦੀ ਮਾਤਰਾ ਨੂੰ ਘੱਟ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੈ। ਚਰਬੀ ਵਾਲੇ ਪਦਾਰਥਾਂ ਦੀ ਬਿਲਕੁਲ ਵਰਤੋਂ ਨਾ ਕਰੋ ਅਤੇ ਫਲਾਂ, ਸਬਜ਼ੀਆਂ ਤੇ ਸਾਬਤ ਅਨਾਜ ਨੂੰ ਆਪਣੇ ਭੋਜਨ ਵਿਚ ਸ਼ਾਮਿਲ ਕਰੋ। ਇਸ ਤੋਂ ਇਲਾਵਾ ਵਿਟਾਮਿਨ 'ਸੀ' ਵੀ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਦਾ ਹੈ। ਇਕ ਖੋਜ ਅਨੁਸਾਰ ਹਰ ਰੋਜ਼ ਵਿਟਾਮਿਨ 'ਸੀ' ਦੀ 500 ਮਿ.ਗ੍ਰਾ. ਦੀ ਮਾਤਰਾ ਚਰਬੀ ਦੇ ਪੱਧਰ ਨੂੰ 13 ਫ਼ੀਸਦੀ ਘੱਟ ਕਰਦੀ ਹੈ। ਉਂਝ ਤਾਂ ਜਦੋਂ ਅੱਖਾਂ ਦੀ ਸਿਹਤ ਦੀ ਗੱਲ ਆਉਂਦੀ ਹੈ ਤਾਂ ਵਿਟਾਮਿਨ 'ਏ' ਨੂੰ ਅੱਖਾਂ ਲਈ ਚੰਗਾ ਮੰਨਿਆ ਜਾਂਦਾ ਹੈ ਪਰ ਵਿਟਾਮਿਨ 'ਏ' ਦੇ ਨਾਲ-ਨਾਲ ਵਿਟਾਮਿਨ 'ਸੀ' ਵੀ ਅੱਖਾਂ ਲਈ ਫ਼ਾਇਦੇਮੰਦ ਹੈ। ਇਹ ਗੁਲੂਕੋਮਾ 'ਤੇ ਕੰਟਰੋਲ ਰੱਖਦਾ ਹੈ, ਜੋ ਅੰਨ੍ਹੇਪਨ ਦਾ ਇਕ ਕਾਰਨ ਹੈ। ਵਿਟਾਮਿਨ 'ਸੀ' ਦਿਮਾਗ਼ ਦੇ ਕੰਮਕਾਜ ਵਿਚ ਵੀ ਮਦਦ ਕਰਦਾ ਹੈ ਅਤੇ ਸਾਡੇ ਮੂਡ ਨੂੰ ਵੀ ਪ੍ਰਭਾਵਿਤ ਕਰਦਾ ਹੈ। ਦਿਮਾਗ਼ ਵਿਚ ਇਹ ਇਕ ਰਸਾਇਣ ਸੇਰੋਟੋਨਿਨ ਬਣਾਉਣ ਵਿਚ ਸਹਾਇਕ ਬਣਦਾ ਹੈ। ਇਹ ਦਿਮਾਗ਼ ਰਸਾਇਣ ਨੀਂਦ ਆਉਣ ਅਤੇ ਸਕਾਰਾਤਮਿਕ ਭਾਵਨਾਵਾਂ ਪੈਦਾ ਕਰਨ ਵਿਚ ਯੋਗਦਾਨ ਦਿੰਦਾ ਹੈ। ਵਿਟਾਮਿਨ 'ਸੀ', ਵਿਟਾਮਿਨ 'ਬੀ'-6 ਨਾਲ ਮਿਲ ਕੇ ਅਮੀਨੋ ਐਸਿਡ ਫੀਨਾਅਲਾਈਨ ਨੂੰ ਨੋਰਪਿਨਫਰਾਈਨ ਵਿਚ ਬਦਲਣ ਵਿਚ ਸਹਾਇਕ ਬਣਦਾ ਹੈ, ਜੋ ਮੂਡ ਨੂੰ ਪ੍ਰਭਾਵਿਤ ਕਰਨ ਵਾਲਾ ਇਕ ਹੋਰ ਰਸਾਇਣ ਹੈ। ਵਿਟਾਮਿਨ 'ਸੀ' ਨੂੰ ਸਟ੍ਰੈੱਸ ਘਟਾਊ ਵਿਟਾਮਿਨ ਵੀ ਕਿਹਾ ਜਾਂਦਾ ਹੈ, ਕਿਉਂਕਿ ਜਦੋਂ ਵਿਅਕਤੀ ਪ੍ਰੇਸ਼ਾਨ ਤੇ ਤਣਾਅਗ੍ਰਸਤ ਹੁੰਦਾ ਹੈ ਤਾਂ ਇਸ ਦੀ ਵਰਤੋਂ ਕਰਕੇ ਛੇਤੀ ਠੀਕ ਹੋ ਜਾਂਦਾ ਹੈ। ਵਿਟਾਮਿਨ 'ਸੀ' ਦਾ ਮੁੱਖ ਕੰਮ ਕੋਲਾਜਨ ਜੋ ਇਕ ਤਰ੍ਹਾਂ ਦਾ ਪ੍ਰੋਟੀਨ ਹੈ, ਦੇ ਨਿਰਮਾਣ ਤੇ ਇਸ ਦੇ ਸੁਚਾਰੂ ਰੂਪ ਨਾਲ ਕੰਮ ਕਰਨ ਵਿਚ ਸਹਾਇਤਾ ਕਰਨਾ ਵੀ ਹੈ। ਕੋਲਾਜਨ ਚਮੜੀ ਨੂੰ ਸੁੰਗੜਨ ਤੋਂ ਸੁਰੱਖਿਆ ਦਿੰਦਾ ਹੈ ਅਤੇ ਹੱਡੀਆਂ ਤੇ ਜੋੜਾਂ ਦੇ ਨਿਰਮਾਣ ਵਿਚ ਵੀ ਸਹਾਇਕ ਹੈ। ਇਹ ਫੇਫੜਿਆਂ ਦੇ ਸੁਚਾਰੂ ਰੂਪ ਨਾਲ ਕੰਮ ਕਰਨ ਵਿਚ ਵੀ ਮਦਦਗਾਰ ਹੈ।
ਪ੍ਰਦੂਸ਼ਣ ਤੋਂ ਬਚਾਅ ਲਈ ਵਿਟਾਮਿਨ 'ਸੀ' ਦੀ ਹਰ ਰੋਜ਼ ਦੀ 100 ਮਿ.ਗ੍ਰ. ਦੀ ਮਾਤਰਾ ਦੀ ਵਰਤੋਂ ਜ਼ਰੂਰੀ ਹੈ, ਜਿਨ੍ਹਾਂ ਵਿਅਕਤੀਆਂ ਨੂੰ ਪੱਥਰੀ ਦੀ ਸ਼ਿਕਾਇਤ ਹੋਵੇ ਉਨ੍ਹਾਂ ਨੂੰ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਵਿਟਾਮਿਨ 'ਸੀ' ਦੀ ਬਹੁਤ ਜ਼ਿਆਦਾ ਵਰਤੋਂ ਨਾਲ ਡਾਇਰੀਆ ਦੀ ਸ਼ਿਕਾਇਤ ਹੋ ਜਾਂਦੀ ਹੈ, ਇਸ ਲਈ ਇਸ ਤਰ੍ਹਾਂ ਹੋਣ 'ਤੇ ਵਿਟਾਮਿਨ 'ਸੀ' ਦੀ ਮਾਤਰਾ ਘੱਟ ਕਰ ਦਿਓ।
ਵਿਟਾਮਿਨ 'ਸੀ' ਦਿੰਦਾ ਹੈ ਤੁਹਾਨੂੰ ਬਹੁਤ ਸਾਰੇ ਫ਼ਾਇਦੇ
ਅਜੀਤ ਡੈਸਕ
26-09-2025