09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸੇਬ ਪੌਸ਼ਟਿਕ ਖੁਰਾਕ ਵੀ, ਦਵਾਈ ਵੀ

ਸੇਬ ਪੌਸ਼ਟਿਕ ਖੁਰਾਕ ਵੀ, ਦਵਾਈ ਵੀ

Ad Position 21
No active advertisement
ਅਜੀਤ ਡੈਸਕ 09-10-2026


ਲੋਕਾਂ ਵਲੋਂ ਫਲਾਂ ਵਿਚੋਂ ਸੇਬ ਨੂੰ  ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਅਤੇ ਇਸ ਦੇ ਇਨ੍ਹਾਂ ਗੁਣਾਂ ਕਾਰਨ ਇਸ ਨੂੰ  ਇਕ ਦਵਾਈ ਦੇ ਰੂਪ ਵਿਚ ਵੀ ਦੇਖਿਆ ਜਾਂਦਾ ਹੈ |
ਵਿਗਿਆਨੀਆਂ ਦਾ ਕਹਿਣਾ ਹੈ ਕਿ ਸੇਬ ਛੋਟੀ-ਮੋਟੀ ਬਿਮਾਰੀ ਹੀ ਨਹੀਂ, ਸਗੋਂ ਕੈਂਸਰ ਵਰਗੇ ਭਿਆਨਕ ਰੋਗਾਂ ਨੂੰ  ਵੀ ਦੂਰ ਕਰਨ ਦੀ ਤਾਕਤ ਰੱਖਦਾ ਹੈ | ਰੋਗੀ ਅਤੇ ਸਿਹਤਮੰਦ ਵਿਅਕਤੀਆਂ ਦੇ ਨਾਲ-ਨਾਲ ਬੱਚਿਆਂ ਲਈ ਜਿਵੇਂ ਦੁੱਧ ਅਤਿ ਗੁਣਕਾਰੀ ਹੁੰਦਾ ਹੈ, ਠੀਕ ਉਸੇ ਤਰ੍ਹਾਂ ਇਕ ਲਾਲ ਸੇਬ ਰੋਜ਼ਾਨਾ ਖਾਣ ਨਾਲ ਵੀ ਬਿਮਾਰੀਆਂ ਤੋਂ ਕੋਹਾਂ ਦੂਰ ਰਿਹਾ ਜਾ ਸਕਦਾ ਹੈ | ਇਹ ਪੇਟ ਵਿਚ ਅਮਲਤਾ ਵੀ ਪੈਦਾ ਨਹੀਂ ਹੋਣ ਦਿੰਦਾ | ਭੋਜਨ ਨੂੰ  ਛੇਤੀ ਹਜ਼ਮ ਹੋਣ ਵਿਚ ਵੀ ਇਹ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਹੈ | ਇਸ ਲਈ ਸਭ ਲੋਕਾਂ ਨੂੰ  ਭੋਜਨ ਤੋਂ ਬਾਅਦ ਇਕ ਸੇਬ ਜ਼ਰੂਰ ਖਾਣਾ ਚਾਹੀਦਾ ਹੈ |
ਯੂਨਾਨੀ ਹਕੀਮਾਂ ਦੀ ਮੰਨੀਏ ਤਾਂ ਇਹ ਦਿਲ ਨੂੰ  ਤਾਕਤ ਪਹੁੰਚਾਉਣ ਵਾਲਾ ਇਕ ਬਹੁਗੁਣੀ ਫਲ ਹੈ | ਸਰੀਰ ਨੂੰ  ਸੁੰਦਰ ਅਤੇ ਸੁਡੌਲ ਬਣਾਈ ਰੱਖਣ ਲਈ ਅਕਸਰ ਸੇਬ ਦੀ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ | ਅਕਸਰ ਲੋਕਾਂ ਵਲੋਂ ਕਹੀ ਜਾਣ ਵਾਲੀ ਕਹਾਵਤ, 'ਇਕ ਸੇਬ ਹਰ ਰੋਜ਼ ਖਾਓ, ਡਾਕਟਰ ਨੂੰ  ਦੂਰ ਭਜਾਓ', ਸਹੀ ਪ੍ਰਤੀਤ ਹੁੰਦੀ ਹੈ, ਜੋ ਵਿਗਿਆਨਕ ਕਸੌਟੀ 'ਤੇ ਪੂਰੀ ਤਰ੍ਹਾਂ ਖਰੀ ਉਤਰਦੀ ਹੈ | ਖਾਣ ਵਿਚ ਪੌਸ਼ਟਿਕ ਸੇਬ ਵਿਚ ਵਿਟਾਮਿਨ ਏ, ਬੀ ਤੇ ਸੀ ਭਰਪੂਰ ਮਾਤਰਾ ਵਿਚ ਮੌਜੂਦ ਹੁੰਦੇ ਹਨ, ਜੋ ਕਿ ਬਿਮਾਰੀ ਦੇ ਜ਼ੋਖ਼ਮ ਨੂੰ  ਪੂਰੀ ਤਰ੍ਹਾਂ ਘੱਟ ਕਰ ਦਿੰਦੇ ਹਨ | ਆਓ, ਹੁਣ ਜਾਣਦੇ ਹਾਂ ਸੇਬ ਦੇ ਉਨ੍ਹਾਂ ਸਭ ਗੁਣਾਂ ਬਾਰੇ ਜਿਨ੍ਹਾਂ ਨਾਲ ਇਸ ਦਾ ਮੁਕਾਬਲਾ ਇਕ ਦਵਾਈ ਦੇ ਰੂਪ ਵਿਚ ਵੀ ਕੀਤਾ ਜਾਂਦਾ ਹੈ |
ਸੇਬ ਖਾਣ ਨਾਲ ਹੋਣ ਵਾਲੇ ਫ਼ਾਇਦੇ
ਸਰੀਰ ਤਾਕਤਵਰ ਬਣਾਏ : ਸੇਬ ਵਿਚ ਫਾਸਫੋਰਸ ਅਤੇ ਲੋਹ ਤੱਤ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ, ਜੋ ਵਿਅਕਤੀ ਦੇ ਸਰੀਰ ਨੂੰ  ਰਿਸ਼ਟ-ਪੁਸ਼ਟ, ਫੁਰਤੀਲਾ ਅਤੇ ਤਾਕਤਵਰ ਬਣਾਉਂਦਾ ਹੈ | ਇਹੀ ਨਹੀਂ, ਇਹ ਦਿਲ ਨੂੰ  ਸ਼ਕਤੀਸ਼ਾਲੀ ਅਤੇ ਬੁੱਧੀ ਨੂੰ  ਤੇਜ਼ ਵੀ ਕਰਦਾ ਹੈ | ਇਸ ਤੋਂ ਇਲਾਵਾ ਇਹ ਪਤਲੇ ਸਰੀਰ ਨੂੰ  ਮੋਟਾ ਅਤੇ ਤੇਜਸਵੀ ਬਣਾਈ ਰੱਖਣ ਲਈ ਵੀ ਸਰਬੋਤਮ ਪੋਸ਼ਕ ਫਲ ਹੁੰਦਾ ਹੈ |
ਭੁੱਖ ਵਧਾਏ : ਜਿਨ੍ਹਾਂ ਵਿਅਕਤੀਆਂ ਨੂੰ  ਭੁੱਖ ਘੱਟ ਲਗਦੀ ਹੈ, ਉਨ੍ਹਾਂ ਲਈ ਸੇਬ ਬਹੁਤ ਫਾਇਦੇਮੰਦ ਸਾਬਿਤ ਹੁੰਦਾ ਹੈ | ਇਸ ਤਰ੍ਹਾਂ ਦੇ ਵਿਅਕਤੀਆਂ ਨੂੰ  ਰੋਜ਼ ਇਕ ਵੱਡਾ ਸੇਬ ਖਾਣਾ ਚਾਹੀਦਾ ਹੈ | ਇਸ ਨਾਲ ਉਨ੍ਹਾਂ ਨੂੰ  ਭੁੱਖ ਚੰਗੀ ਤਰ੍ਹਾਂ ਲੱਗਣ ਲੱਗੇਗੀ |
ਦੰਦਾਂ ਨੂੰ  ਮਜ਼ਬੂਤ ਬਣਾਏ : ਬੱਚੇ ਦੇ ਜਨਮ ਤੋਂ ਬਾਅਦ ਜਦੋਂ ਉਸ ਦੇ ਪੂਰੇ ਦੰਦ ਨਿਕਲ ਆਉਣ ਅਤੇ ਉਹ ਸਭ ਚੀਜ਼ਾਂ ਨੂੰ  ਕੁਤਰ-ਕੁਤਰ ਕੇ ਖਾਣਾ ਸ਼ੁਰੂ ਕਰ ਦੇਵੇ ਤਾਂ ਉਸ ਨੂੰ  ਰੋਜ਼ਾਨਾ ਇਕ ਸੇਬ ਦਾ ਰਸ ਪਿਲਾਉਣਾ ਬਿਲਕੁਲ ਨਾ ਭੁੱਲੋ | ਇਹ ਬੱਚਿਆਂ ਦੇ ਦੰਦਾਂ ਨੂੰ  ਮਜ਼ਬੂਤੀ ਪ੍ਰਦਾਨ ਕਰਦਾ ਹੈ |
ਔਰਤਾਂ ਦੀ ਸੁੰਦਰਤਾ ਨੂੰ  ਬਚਾਵੇ : ਨਵੇਂ ਜਨਮੇ ਬੱਚਿਆਂ ਨੂੰ  ਦੁੱਧ ਪਿਲਾਉਣ ਵਾਲੀਆਂ ਮਾਵਾਂ ਰੋਜ਼ ਇਕ ਵੱਡਾ ਲਾਲ ਸੇਬ ਖਾਣ ਤਾਂ ਇਸ ਨਾਲ ਉਨ੍ਹਾਂ ਦੀ ਸਰੀਰਕ ਸੁਡੌਲਤਾ ਅਤੇ ਸੁੰਦਰਤਾ ਹਮੇਸ਼ਾ ਬਰਕਰਾਰ ਰਹਿੰਦੀ ਹੈ |
ਸਿਰਦਰਦ ਹਟਾਵੇ : ਅਕਸਰ ਸਿਰ ਵਿਚ ਦਰਦ ਦੀ ਸ਼ਿਕਾਇਤ ਰਹਿਣ ਵਾਲੇ ਵਿਅਕਤੀਆਂ ਨੂੰ  ਸੇਬ ਦੇ ਦੋ ਟੁਕੜੇ ਕਰਕੇ ਉਸ 'ਤੇ ਨਮਕ ਲਗਾ ਕੇ ਇਕ ਹਫ਼ਤੇ ਤੱਕ ਲਗਾਤਾਰ ਖਾਣਾ ਚਾਹੀਦਾ ਹੈ | ਇਸ ਨਾਲ ਉਨ੍ਹਾਂ ਦੀ ਇਹ ਸਮੱਸਿਆ ਦਾ ਛੇਤੀ ਹੀ ਹੱਲ ਹੋ ਜਾਵੇਗਾ |
ਕਬਜ਼ ਦਾ ਖ਼ਾਤਮਾ ਕਰੇ : ਕਬਜ਼ ਤੋਂ ਪ੍ਰੇਸ਼ਾਨ ਲੋਕਾਂ ਲਈ ਸੇਬ ਬਹੁਤ ਹੀ ਲਾਹੇਵੰਦ ਫਲ ਹੈ | ਸਵੇਰੇ-ਸ਼ਾਮ ਪੱਕਿਆ ਹੋਇਆ ਸੇਬ ਖਾਣ ਨਾਲ ਜਿਥੇ ਕਬਜ਼ ਤੋਂ ਛੁਟਕਾਰਾ ਮਿਲਦਾ ਹੈ, ਉਥੇ ਦੂਜੇ ਪਾਸੇ, ਸੇਬ ਦਾ ਰਸ ਹਾਜ਼ਮਾ ਸ਼ਕਤੀ ਨੂੰ  ਵੀ ਰਫ਼ਤਾਰ ਦਿੰਦਾ ਹੈ, ਜਿਸ ਨਾਲ ਉਨ੍ਹਾਂ ਦੀ ਇਹ ਸ਼ਿਕਾਇਤ ਛੇਤੀ ਹੀ ਕੋਹਾਂ ਦੂਰ ਹੋ ਜਾਂਦੀ ਹੈ | ਇਸ ਲਈ ਰੋਜ਼ਾਨਾ ਇਕ ਸੇਬ ਖਾਓ ਅਤੇ ਸਿਹਤਮੰਦ ਰਹੋ |
-0-

Ad Position 22
No active advertisement
ਪਿਛਲੀ ਖ਼ਬਰ ‘ ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਈ.ਟੀ.ਓ. ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਮਾਲਕੀ ਕਾਰਡ ਵੰ... ਅਗਲੀ ਖ਼ਬਰ ਕਸਬਾ ਰਮਦਾਸ ਦੇ ਐਡਵੋਕੇਟ ਰਜੀਵ ਮਦਾਨ ਦੀ ਨਿਯੁਕਤੀ ਸਰਹੱਦੀ ਇਲਾਕੇ ਲਈ ਮਾਣ ਵਾਲੀ ਗੱਲ- ਸੁਰਿੰਦਰਪਾਲ ਤਾਲਬਪੁਰਾ
Ad Position 24