ਯਮੁਨਾਨਗਰ, 26 ਸਤੰਬਰ (ਗੁਰਦਿਆਲ ਸਿੰਘ ਨਿਮਰ)-ਵਾਹਨ ਚੋਰੀ ਰੋਕੂ ਸੈੱਲ ਨੇ ਇਕ ਮੋਟਰਸਾਈਕਲ ਚੋਰ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ ਪੰਜ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ | ਇਸ ਸੰਬੰਧੀ ਥਾਣਾ ਮੁਖੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਚੋਰੀ ਹੋਏ ਮੋਟਰਸਾਈਕਲ ਨਾਲ ਕਲਾਨੌਰ ਰਾਹੀਂ ਉੱਤਰ ਪ੍ਰਦੇਸ਼ ਵੱਲ ਜਾ ਰਿਹਾ ਹੈ | ਇਸ ਜਾਣਕਾਰੀ ਦੇ ਆਧਾਰ 'ਤੇ ਏ. ਐਸ. ਆਈ. ਹੁਸਨ, ਹੈੱਡ ਕਾਂਸਟੇਬਲ ਵਰਿੰਦਰ, ਯੋਗੇਸ਼, ਰਵਿੰਦਰ ਤੇ ਨਰੇਸ਼ ਦੀ ਅਗਵਾਈ ਵਿਚ ਇਕ ਟੀਮ ਬਣਾਈ ਗਈ, ਮੌਕੇ 'ਤੇ ਪਹੁੰਚ ਕੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ | ਇਸ ਦੌਰਾਨ ਮੋਟਰਸਾਈਕਲ ਸਵਾਰ ਇਕ ਨੌਜਵਾਨ ਨੂੰ ਰੋਕ ਕੇ ਜਦੋਂ ਉਸਦੀ ਜਾਂਚ ਕੀਤੀ ਗਈ ਤਾਂ ਉਸਤੋਂ ਚੋਰੀ ਹੋਇਆ ਮੋਟਰਸਾਈਕਲ ਬਰਾਮਦ ਹੋਇਆ | ਉਨ੍ਹਾਂ ਦੱਸਿਆ ਕਿ ਇਹ ਮੋਟਰਸਾਈਕਲ ਮੁਲਜ਼ਮ ਨੇ 12 ਮਈ ਨੂੰ ਯਮੁਨਾਨਗਰ ਸਿਟੀ ਪੁਲਿਸ ਸਟੇਸ਼ਨ ਖੇਤਰ ਤੋਂ ਚੋਰੀ ਕੀਤਾ ਸੀ | ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਦੀ ਪਛਾਣ ਸ਼ੁਭਮ ਕੁਮਾਰ ਪੁੱਤਰ ਸਤੀਸ਼ ਕੁਮਾਰ ਵਜੋਂ ਹੋਈ ਹੈ ਜੋ ਕਿ ਸਹਾਰਨਪੁਰ ਦੇ ਨਕੁੜ ਦੇ ਜਲਾਲਪੁਰ ਪਿੰਡ ਦਾ ਰਹਿਣ ਵਾਲਾ ਹੈ | ਉਨ੍ਹਾ ਕਿਹਾ ਕਿ ਜਾਂਚ ਦੌਰਾਨ ਮੁਲਜ਼ਮ ਤੋਂ ਚੋਰੀ ਹੋਏ ਪੰਜ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ | ਥਾਣਾ ਮੁਖੀ ਨੇ ਦੱਸਿਆ ਕਿ ਸ਼ੁਭਮ ਨੇ ਚੋਰੀ ਹੋਇਆ ਮੋਟਰਸਾਈਕਲ ਧੀਰਜ ਤੋਂ ਖਰੀਦਿਆ ਸੀ | ਉਨ੍ਹਾਂ ਦੱਸਿਆ ਕਿ ਮੁਲਜ਼ਮ ਧੀਰਜ ਜੇਲ੍ਹ ਵਿਚ ਹੈ ਅਤੇ ਉਸਨੂੰ ਪ੍ਰੋਡਕਸ਼ਨ ਵਾਰੰਟ 'ਤੇ ਪੁੱਛਗਿੱਛ ਲਈ ਲਿਆਂਦਾ ਜਾਵੇਗਾ | ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |