ਯਮੁਨਾਨਗਰ, 26 ਸਤੰਬਰ (ਗੁਰਦਿਆਲ ਸਿੰਘ ਨਿਮਰ)- ਗਾਂਧੀ ਨਗਰ ਪੁਲਿਸ ਸਟੇਸ਼ਨ ਦੀ ਟੀਮ ਨੇ ਚੋਰੀ ਦਾ ਮੋਟਰਸਾਈਕਲ ਖਰੀਦਣ ਵਾਲੇ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਥਾਣਾ ਮੁਖੀ ਜਗਬੀਰ ਸਿੰਘ ਨੇ ਦੱਸਿਆ ਕਿ ਤਿਆਗੀ ਗਾਰਡਨ ਦੇ ਰਹਿਣ ਵਾਲੇ ਅਮਿਤ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 12 ਸਤੰਬਰ ਨੂੰ ਉਹ ਆਪਣੇ ਘਰ ਨੂੰ ਤਾਲਾ ਲਗਾ ਕੇ ਆਪਣੇ ਪਿੰਡ ਨਾਹਰਪੁਰ ਗਿਆ ਸੀ ਅਤੇ ਜਦੋਂ ਉਹ 16 ਸਤੰਬਰ ਨੂੰ ਘਰ ਵਾਪਸ ਆਇਆ ਤਾਂ ਉਸਨੇ ਮੁੱਖ ਗੇਟ ਦਾ ਤਾਲਾ ਟੁੱਟਿਆ ਹੋਇਆ ਦੇਖਿਆ ਅਤੇ ਉਸਦੇ ਘਰ ਦੇ ਕਮਰਿਆਂ ਦੇ ਸਾਰੇ ਦਰਵਾਜ਼ੇ ਖੁੱਲ੍ਹੇ ਸਨ ਅਤੇ ਸਾਮਾਨ ਖਿਲਰਿਆ ਹੋਇਆ ਸੀ | ਉਸਨੇ ਦੇਖਿਆ ਕਿ ਮੰਦਰ ਦੀ ਗੋਲਕ ਵਿਚੋਂ 40,000 ਰੁਪਏ, ਉਸਦਾ ਇਨਵਰਟਰ, ਬੈਟਰੀ ਅਤੇ ਉਸਦੀ ਮੋਟਰਸਾਈਕਲ ਕਿਸੇ ਨੇ ਚੋਰੀ ਕਰ ਲਈ ਹੈ | ਇਸ ਸ਼ਿਕਾਇਤ ਦੇ ਆਧਾਰ 'ਤੇ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਤੇ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ ਲਈ ਏ. ਐਸ. ਆਈ. ਬਲਬੀਰ ਸਿੰਘ ਦੀ ਅਗਵਾਈ ਵਿਚ ਇਕ ਟੀਮ ਬਣਾਈ ਗਈ ਸੀ | ਇਸ ਟੀਮ ਨੇ ਕਾਰਵਾਈ ਕਰਦਿਆਂ ਬਿਲਾਸਪੁਰ ਦੇ ਰਹਿਣ ਵਾਲੇ ਪ੍ਰਮੋਦ ਕੁਮਾਰ ਦੇ ਪੁੱਤਰ ਕਰਨ ਨੂੰ ਚੋਰੀ ਹੋਈ ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕਰ ਲਿਆ | ਉਨ੍ਹਾਂ ਦੱਸਿਆ ਕਿ ਪੁੱਛਗਿੱਛ ਕਰਨ 'ਤੇ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸਨੇ ਮੋਟਰਸਾਈਕਲ ਕਿਸੇ ਹੋਰ ਤੋਂ ਖਰੀਦਿਆ ਸੀ | ਜਾਂਚ ਅਧਿਕਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਦੂਜੇ ਮੁਲਜ਼ਮ ਦੀ ਭਾਲ ਜਾਰੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ |