ਸਿਰਸਾ, 27 ਸਤੰਬਰ (ਭੁਪਿੰਦਰ ਪੰਨੀਵਾਲੀਆ)- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਹੈ ਕਿ ਹਰਿਆਣਾ ਦੇ ਹੜ੍ਹ ਪੀੜਤ ਕਿਸਾਨਾਂ ਨੂੰ ਪੰਜਾਬ ਤੀ ਤਰਜ 'ਤੇ ਨੁਕਸਾਨੀਆਂ ਫ਼ਸਲਾਂ, ਘਰਾਂ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ | ਉਨ੍ਹਾਂ ਨੇ ਇਸ ਸਬੰਧੀ ਅੱਜ ਮੁੱਖ ਮੰਤਰੀ ਦੇ ਨਾਂਅ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਹੈ | ਸਿਰਸਾ ਦੇ ਮਿੰਨੀ ਸਕੱਤਰੇਤ 'ਚ ਮੰਗ ਪੱਤਰ ਸੌਂਪਣ ਆਏ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹੈਪੀ ਰਾਣੀਆਂ ਨੇ ਕਿਹਾ ਐਤਕੀਂ ਮਾਨਸੂਨ ਦੌਰਾਨ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਆਈ ਕੁਦਰਤੀ ਆਫ਼ਤ ਨੇ ਹਜ਼ਾਰਾਂ ਪਰਿਵਾਰਾਂ, ਖਾਸ ਕਰਕੇ ਕਿਸਾਨਾਂ ਤੇ ਪੇਂਡੂ ਖੇਤਰ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ | ਉਨ੍ਹਾਂ ਦੀ ਰੋਜ਼ੀ-ਰੋਟੀ, ਫਸਲਾਂ, ਘਰਾਂ ਤੇ ਪਸ਼ੂਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ | ਹਰਿਆਣਾ ਸਰਕਾਰ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ, ਜੋ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਅਸਲ ਜ਼ਰੂਰਤਾਂ ਤੇ ਨੁਕਸਾਨ ਦੇ ਮੁਕਾਬਲੇ ਨਾਕਾਫ਼ੀ ਹੈ | ਉਨ੍ਹਾਂ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਗੁਆਂਢੀ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਉਸੇ ਤਰ੍ਹਾਂ ਹਰਿਆਣਾ ਵਿੱਚ ਵੀ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹੈਪੀ ਰਣੀਆਂ ਤੋਂ ਇਲਾਵਾ ਜ਼ਿਲ੍ਹਾ ਕੌਂਸਲਰ ਜਸਦੇਵ ਸਿੰਘ ਨਿੱਕਾ, ਜ਼ਿਲ੍ਹਾ ਸਕੱਤਰ ਸ਼ਿਆਮ ਲਾਲ ਮਹਿਤਾ, ਰਾਜ ਸਿੰਘ ਕੰਗ, ਜ਼ਿਲ੍ਹਾ ਕੌਂਸਲਰ ਬਲਵਿੰਦਰ ਬਰਾੜ, ਕਵਿਤਾ ਨਗਰ, ਰਾਣੀ ਦੇਵੀ, ਡਾ. ਸੁਕੇਸ਼ ਅਰੋੜਾ, ਹਰਬੰਸ ਲਾਲ, ਰਿਛਪਾਲ ਸਿੰਘ, ਨਵਦੀਪ ਸਿੰਘ, ਰਾਜ ਕੁਮਾਰ ਨਗਰ, ਕੁਲਵੰਤ ਭੰਗੂ ਅਤੇ ਹੋਰ ਆਗੂ ਮੌਜੂਦ ਸਨ |