ਕਰਨਾਲ, 3 ਨਵੰਬਰ (ਗੁਰਮੀਤ ਸਿੰਘ ਸੱਗੂ)-ਕੇਂਦਰੀ ਊਰਜਾ, ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਦੇਸ਼ ਸੁਤੰਤਰ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਅਗਵਾਈ ਕਰ ਰਹੇ ਹਨ ਅਤੇ ਸਾਡੀਆਂ ਹਥਿਆਰਬੰਦ ਫੌਜਾਂ ਦੇਸ਼ ਦੀ ਰੱਖਿਆ ਕਰ ਰਹੀਆਂ ਹਨ | ਅਸੀਂ ਕਿਸੇ ਵੀ ਦੇਸ਼ ਨੂੰ ਛੇੜਾਂਗੇ ਨਹੀਂ, ਪਰ ਜੇਕਰ ਕੋਈ ਸਾਨੂੰ ਛੇੜੇਗਾ ਤਾਂ ਅਸੀਂ ਉਨ੍ਹਾਂ ਨੂੰ ਨਹੀਂ ਬਖਸ਼ਾਂਗੇ | ਦੇਸ਼ ਦੀ ਏਕਤਾ ਅਤੇ ਅਖੰਡਤਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ | ਭਾਰਤ ਨੂੰ 2047 ਤੱਕ ਇਕ ਵਿਕਸਤ ਅਤੇ ਸਵੈ-ਨਿਰਭਰ ਰਾਸ਼ਟਰ ਬਣਨਾ ਹੈ | ਕੇਂਦਰੀ ਮੰਤਰੀ ਮਨੋਹਰ ਲਾਲ ਐਤਵਾਰ ਨੂੰ ਏਕਤਾ ਮਾਰਚ ਦੇ ਸਮਾਪਤੀ ਮੌਕੇ ਮੁੱਖ ਮਹਿਮਾਨ ਵਜੋਂ ਕਰਨਾ ਝੀਲ 'ਤੇ ਭਾਗੀਦਾਰਾਂ ਨੂੰ ਸੰਬੋਧਨ ਕਰ ਰਹੇ ਸਨ | ਇਸ ਦੌਰਾਨ ਉਨ੍ਹਾਂ ਨੇ ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਦੀ ਤਸਵੀਰ 'ਤੇ ਫੁੱਲ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਕੇਂਦਰੀ ਮੰਤਰੀ ਨੇ ਕਿਹਾ ਕਿ ਏਕਤਾ ਮਾਰਚ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਯਤਨਾਂ ਸਦਕਾ ਅੱਤਵਾਦ, ਨਕਸਲਵਾਦ ਅਤੇ ਫਿਰਕੂ ਦੰਗਿਆਂ 'ਤੇ ਕਾਬੂ ਪਾਇਆ ਗਿਆ ਹੈ | ਉਨ੍ਹਾਂ ਨੇ ਨੌਜਵਾਨਾਂ ਅਤੇ ਨਾਗਰਿਕਾਂ ਨੂੰ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਇੱਕਜੁੱਟ ਹੋਣ ਅਤੇ ਦੇਸ਼ ਦੇ ਸਰੋਤਾਂ ਅਤੇ ਨੀਤੀਆਂ ਨੂੰ ਰਾਸ਼ਟਰੀ ਹਿੱਤ ਵਿਚ ਵਰਤਣ ਦਾ ਸੱਦਾ ਦਿੱਤਾ | ਮਨੋਹਰ ਲਾਲ ਨੇ ਕਿਹਾ ਕਿ ਅੱਜ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣਨ ਦੇ ਰਾਹ 'ਤੇ ਹੈ | ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਯਾਦ ਕਰਦਿਆਂ ਉਨ੍ਹਾਂ ਪੋਖਰਣ ਪ੍ਰਮਾਣੂ ਪ੍ਰੀਖਣਾਂ ਦਾ ਜ਼ਿਕਰ ਕੀਤਾ | ਇਸ ਮੌਕੇ ਕਰਨਾਲ ਦੇ ਵਿਧਾਇਕ ਜਗਮੋਹਨ ਆਨੰਦ, ਇੰਦਰੀ ਦੇ ਰਾਮਕੁਮਾਰ ਕਸ਼ਯਪ, ਨੀਲੋਖੇੜੀ ਦੇ ਭਗਵਾਨ ਦਾਸ ਕਬੀਰਪੰਥੀ, ਮੇਅਰ ਰੇਣੂ ਬਾਲਾ ਗੁਪਤਾ, ਡੀ. ਸੀ. ਉੱਤਮ ਸਿੰਘ, ਐਸ. ਡੀ. ਐਮ. ਅਨੁਭਵ ਮਹਿਤਾ, ਘਰੋਡਾ ਦੇ ਐਸ. ਡੀ. ਐਮ. ਰਾਜੇਸ਼ ਸੋਨੀ, ਭਾਜਪਾ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਲਾਠਰ, ਸੰਸਦ ਪ੍ਰਤੀਨਿਧੀ ਕਵਿੰਦਰ ਰਾਣਾ, ਭਾਜਪਾ ਦੇ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਜੂਸ਼ਾਨ ਭੂਸ਼ਨ, ਜ਼ਿਲ੍ਹਾ ਪ੍ਰਧਾਨ ਸੂਬਾ ਜਨਰਲ ਸਕੱਤਰ ਜੂਸ਼ ਕੁਮਾਰ, ਸਾਬਕਾ ਪ੍ਰਧਾਨ ਬਿ੍ਜ ਗੁਪਤਾ, ਮਾਨਵ ਪੁਰੀ, ਮੇਰਾ ਯੁਵਾ ਭਾਰਤ ਦੇ ਖੇਤਰੀ ਨਿਰਦੇਸ਼ਕ ਡਾ. ਲਾਲ ਸਿੰਘ, ਡਿਪਟੀ ਡਾਇਰੈਕਟਰ ਸੁਰਮਈ ਸ਼ਰਮਾ, ਸਹਾਇਕ ਡਾਇਰੈਕਟਰ ਰੇਣੂ ਸਿਲਗ, ਪ੍ਰੋਗਰਾਮ ਸਹਾਇਕ ਪੰਕਜ, ਭਾਜਪਾ ਆਗੂ ਤਿ੍ਲੋਚਨ ਸਿੰਘ, ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਮੀਨਾ ਕੰਬੋਜ, ਕਿ੍ਸ਼ਨਾ ਗਰਗ, ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਦੇ ਸਾਬਕਾ ਮੈਂਬਰ ਅਮਰਨਾਥ ਸੌਦਾ, ਰਾਜ ਕੁਮਾਰੀ, ਰਾਜ ਕੁਮਾਰ ਚੜਿੱਕ, ਮਹਿੰਦਰ ਪੰਜੋਖਰਾ, ਸਾਬਕਾ ਚੇਅਰਮੈਨ ਇਲਮ ਸਿੰਘ ਆਦਿ ਹਾਜ਼ਰ ਸਨ |