ਯਮੁਨਾਨਗਰ, 24 ਨਵੰਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਨਗਰ ਨਿਗਮ ਵਲੋਂ ਇਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜੋ ਕਿ 27 ਨਵੰਬਰ ਤੱਕ ਨਿਰੰਤਰ ਜਾਰੀ ਰਹੇਗੀ | ਇਸ ਮੁਹਿੰਮ ਤਹਿਤ ਖਾਲੀ ਪਲਾਟਾਂ, ਮੁੱਖ ਸੜਕਾਂ ਤੇ ਬਾਜ਼ਾਰਾਂ ਦੀ ਸਫਾਈ ਕੀਤੀ ਜਾਵੇਗੀ | ਇਸ ਮੁਹਿੰਮ ਦੇ ਚਲਦਿਆਂ ਨਗਰ ਨਿਗਮ ਦੀ ਟੀਮ ਵਲੋਂ ਮੀਰਾ ਬਾਈ ਬਾਜ਼ਾਰ ਤੇ ਰੇਲਵੇ ਰੋਡ ਸਮੇਤ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੇ ਗਲੀਆਂ ਦੀ ਸਫਾਈ ਕੀਤੀ ਗਈ | ਇਸ ਤੋਂ ਇਲਾਵਾ ਨਿਗਮ ਕਰਮਚਾਰੀਆਂ ਨੇ ਖਾਲੀ ਪਲਾਟਾਂ ਦੀ ਸਾਫ-ਸਫਾਈ ਕਰਨ ਦੇ ਨਾਲ ਹੀ ਉਨ੍ਹਾਂ ਦੇ ਮਾਲਕਾਂ ਨੂੰ ਪਲਾਟਾਂ ਦੇ ਆਲੇ-ਦੁਆਲੇ ਚਾਰਦੀਵਾਰੀ ਕਰਨ ਦੇ ਨਿਰਦੇਸ਼ ਦਿੱਤੇ | ਜਾਣਕਾਰੀ ਅਨੁਸਾਰ ਨਗਰ ਨਿਗਮ ਦੇ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਦੇ ਨਿਰਦੇਸ਼ਾਂ 'ਤੇ ਵਾਰਡ ਨੰ. 1 ਤੋਂ ਲੈ ਕੇ ਵਾਰਡ ਨੰ. 7 ਲਈ ਸੀ. ਐਸ. ਆਈ. ਹਰਜੀਤ ਸਿੰਘ, ਵਾਰਡ ਨੰ. 8 ਤੋਂ ਲੈ ਕੇ ਵਾਰਡ ਨੰ. 15 ਲਈ ਸੀ. ਐਸ. ਆਈ. ਅਨਿਲ ਨੈਨ ਅਤੇ ਵਾਰਡ ਨੰ. 16 ਤੋਂ ਲੈ ਕੇ ਵਾਰਡ ਨੰ. 22 ਲਈ ਸੀ. ਐਸ. ਆਈ. ਵਿਨੋਦ ਬੈਨੀਵਾਲ ਦੀ ਅਗਵਾਈ ਹੇਠ ਇਕ ਵਿਸ਼ੇਸ਼ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ | ਪਹਿਲੇ ਦੋ ਦਿਨਾਂ ਲਈ ਨਗਰ ਨਿਗਮ ਦੀਆਂ ਟੀਮਾਂ ਖਾਲੀ ਪਲਾਟਾਂ ਦਾ ਸਰਵੇਖਣ ਕਰਨਗੀਆਂ | ਇਸ ਦੇ ਨਾਲ ਹੀ ਖਾਲੀ ਪਲਾਟਾਂ, ਬਾਜ਼ਾਰਾਂ ਤੇ ਸੜਕਾਂ ਦੀ ਸਫਾਈ ਕੀਤੀ ਜਾ ਰਹੀ ਹੈ | ਖਾਲੀ ਪਲਾਟਾਂ ਦੀ ਸਫ਼ਾਈ ਦਾ ਖਰਚਾ ਮਾਲਕ ਅਦਾ ਕਰਨਗੇ ਅਤੇ ਉਨ੍ਹਾਂ ਨੂੰ ਨੋਟਿਸ ਵੀ ਜਾਰੀ ਕੀਤੇ ਜਾਣਗੇ | ਅੱਜ ਮੁਹਿੰਮ ਦੌਰਾਨ ਨਗਰ ਨਿਗਮ ਦੀਆਂ ਟੀਮਾਂ ਨੇ ਉਕਤ ਤਿੰਨੋਂ ਜ਼ੋਨਾਂ 'ਚ ਮੁੱਖ ਬਾਜ਼ਾਰਾਂ ਅਤੇ ਖਾਲੀ ਪਲਾਟਾਂ ਦੀ ਸਫਾਈ ਕੀਤੀ | ਨਿਗਮ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਨੇ ਸਪੱਸ਼ਟ ਕੀਤਾ ਕਿ ਨਗਰ ਨਿਗਮ ਦੀਆਂ ਟੀਮਾਂ ਨੇ ਖਾਲੀ ਪਲਾਟਾਂ ਦਾ ਸਰਵੇਖਣ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਦੌਰਾਨ ਜੇਕਰ ਟੀਮਾਂ ਨੂੰ ਕੂੜੇ ਨਾਲ ਭਰੇ ਅਤੇ ਬਿਨਾਂ ਚਾਰਦੀਵਾਰੀ ਵਾਲੇ ਪਲਾਟ ਮਿਲਦੇ ਹਨ ਤਾਂ ਹਰਿਆਣਾ ਨਗਰ ਨਿਗਮ ਐਕਟ ਤਹਿਤ ਨੋਟਿਸ ਜਾਰੀ ਕਰਕੇ ਉਨ੍ਹਾਂ ਦੇ ਮਾਲਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਨਗਰ ਨਿਗਮ 22 ਵਾਰਡਾਂ 'ਚ ਵੱਖ-ਵੱਖ ਕਾਲੋਨੀਆਂ ਤੇ ਮੁਹੱਲਿਆਂ 'ਚ ਵੱਡੀ ਗਿਣਤੀ 'ਚ ਖਾਲੀ ਪਲਾਟ ਪਏ ਹਨ ਅਤੇ ਇਨ੍ਹਾਂ ਦੀ ਚਾਰਦੀਵਾਰੀ ਨਾ ਹੋਣ ਕਾਰਨ ਲੋਕ ਅਕਸਰ ਉਥੇ ਕੂੜਾ ਸੁੱਟਦੇ ਰਹਿੰਦੇ ਹਨ, ਜਿਸ ਕਾਰਨ ਨੇੜੇ ਰਹਿਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ | ਇਸ ਤੋਂ ਇਲਾਵਾ ਨਿਯਮਿਤ ਸਫਾਈ ਦੀ ਘਾਟ ਕਾਰਨ ਖਾਲੀ ਪਲਾਟਾਂ 'ਚ ਝਾੜੀਆਂ ਉੱਗੀਆਂ ਹੁੰਦੀਆਂ ਹਨ, ਜਦ ਕਿ ਕਈ ਪਲਾਟਾਂ 'ਚ ਪਾਣੀ ਭਰਨ ਨਾਲ ਮੱਛਰ ਪੈਦਾ ਹੁੰਦੇ ਹਨ | ਉਨ੍ਹਾਂ ਕਿਹਾ ਕਿ ਸਮੱਸਿਆਵਾਂ ਦੇ ਮੱਦੇਨਜ਼ਰ ਨਗਰ ਨਿਗਮ ਨੇ ਕੂੜੇ ਨਾਲ ਭਰੇ ਖਾਲੀ ਪਲਾਟਾਂ ਅਤੇ ਚਾਰਦੀਵਾਰੀ ਦੀ ਘਾਟ ਵਾਲੇ ਮਾਲਕਾਂ ਨੂੰ ਨੋਟਿਸ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ | ਨੋਟਿਸ ਜਾਰੀ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਫਾਈ ਕਰਨ ਅਤੇ ਚਾਰਦੀਵਾਰੀ ਬਣਾਉਣ ਦੇ ਆਦੇਸ਼ ਵੀ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਜੇਕਰ ਕੋਈ ਪਲਾਟ ਮਾਲਕ ਖੁਦ ਪਲਾਟ ਦੀ ਸਫਾਈ ਕਰਨ ਅਸਫਲ ਰਹਿੰਦਾ ਹੈ ਤਾਂ ਨਗਰ ਨਿਗਮ ਉਸ ਪਲਾਟ ਦੀ ਸਫਾਈ ਕਰਵਾਏਗੀ ਅਤੇ ਇਸ 'ਤੇ ਹੋਣ ਵਾਲਾ ਸਾਰਾ ਖਰਚਾ ਪਲਾਟ ਮਾਲਕ ਤੋਂ ਲਿਆ ਜਾਵੇਗਾ |