ਆਈ . ਯੂ . ਕੇ . ਐੱਲ . ਵਿਸ਼ਵ ਕੇਟਲਬੈਲ ਖੇਡ ਚੈਂਪੀਅਨਸ਼ਿਪ ’ ਚ ਪੰਜਾਬ ਦੀਆਂ ਖਿਡਾਰਨਾਂ ਨੇ ਜਿੱਤੇ 8 ਤਗ਼ਮੇ
ਡੇਰਾਬੱਸੀ, 13 ਅਕਤੂਬਰ (ਗੁਰਮੀਤ ਸਿੰਘ)-ਆਈ. ਯੂ.
ਡੇਰਾਬੱਸੀ, 13 ਅਕਤੂਬਰ (ਗੁਰਮੀਤ ਸਿੰਘ)-ਆਈ. ਯੂ. ਕੇ. ਐਲ. ਵਿਸ਼ਵ ਕੇਟਲਬੈਲ ਖੇਡ ਚੈਂਪੀਅਨਸ਼ਿਪ-2026 ‘ਚ ਪੰਜਾਬ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 8 ਤਗ਼ਮੇ ਜਿੱਤ ਕੇ ਸੂਬੇ ਦਾ ਨਾਂਅ ਰੌਸ਼ਨ ਕੀਤਾ। ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ 4 ਤੋਂ 9 ਅਕਤੂਬਰ ਤੱਕ ਕਰਵਾਈ ਗਈ ਇਸ ਚੈਂਪੀਅਨਸ਼ਿਪ ‘ਚ 12 ਦੇਸ਼ਾਂ ਦੇ 300 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਕੇਟਲਬੈਲ ਸਪੋਰਟ ਇੰਡੀਆ ਐਸੋਸੀਏਸ਼ਨ (ਕੇ. ਐੱਸ. ਆਈ. ਏ.) ਵਲੋਂ ਕੌਮਾਂਤਰੀ ਯੂਨੀਅਨ ਆਫ਼ ਕੇਟਲਬੈਲ ਲਿਫ਼ਟਿੰਗ (ਆਈ. ਯੂ. ਕੇ. ਐਲ.) ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਮੁਕਾਬਲੇ ‘ਚ ਪੰਜਾਬ ਦੀ ਸੁਸ਼ਮਾ ਬਾਜਵਾ, ਸੰਦੀਪ ਕੌਰ ਅਤੇ ਜਸਕੀਰਨ ਕੌਰ ਨੇ ਵੈਟਰਨ ਮਹਿਲਾ ਵਰਗ ‘ਚ ਆਪਣੀ ਖੇਡ ਦਾ ਲੋਹਾ ਮਨਵਾਇਆ। ਸੁਸ਼ਮਾ ਬਾਜਵਾ ਨੇ 16+16 ਕਿੱਲੋ ਦੇ ਜਰਕ ਮੁਕਾਬਲੇ ‘ਚ ਸੋਨੇ ਦਾ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਉਨ੍ਹਾਂ ਨੇ 16 ਕਿੱਲੋ ਵਨ ਆਰਮ ਲੌਂਗ ਸਾਈਕਲ ਅਤੇ ਟੀਮ ਰਿਲੇਅ ਜਰਕ ਮੁਕਾਬਲੇ ‘ਚ ਚਾਂਦੀ ਦੇ ਤਗ਼ਮੇ ਆਪਣੇ ਨਾਂਅ ਕੀਤੇ। ਇਸੇ ਤਰ੍ਹਾਂ ਸੰਦੀਪ ਕੌਰ ਨੇ 12+12 ਕਿੱਲੋ ਦੇ ਜਰਕ ਅਤੇ 12 ਕਿੱਲੋ ਸਨੈਚ ਮੁਕਾਬਲੇ ‘ਚ ਦੋ ਸੋਨ ਤਗ਼ਮੇ ਜਿੱ ਤੇ, ਜਦਕਿ ਵਨ ਆਰਮ ਲੌਂਗ ਸਾਈਕਲ ‘ਚ ਚਾਂਦੀ ਦਾ ਤਗ਼ਮਾ ਆਪਣੇ ਨਾਂਅ ਕੀਤਾ। ਇਸ ਤੋਂ ਇਲਾਵਾ ਜਸਕੀਰਨ ਕੌਰ ਨੇ 8+8 ਕਿੱਲੋ ਜਰਕ ਅਤੇ 8 ਕਿੱਲੋ ਸਨੈਚ ਮੁਕਾਬਲੇ ‘ਚ ਦੋ ਕਾਂਸੀ ਦੇ ਤਗ਼ਮੇ ਜਿੱਤੇ। ਐਸੋਸੀਏਸ਼ਨ ਦੀ ਸੀ. ਈ. ਓ. ਅੰਸ਼ੂ ਤਰਾਵਥ ਦੀ ਅਗਵਾਈ ਹੇਠ ਕੇ. ਐੱਸ. ਆਈ. ਏ. ਵਲੋਂ ਇਸ ਖੇਡ ਨੂੰ ਉਤਸ਼ਾਹਿਤ ਕਰਨ ਅਤੇ ਭਾਰਤੀ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ‘ਤੇ ਮੌਕੇ ਪ੍ਰਦਾਨ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਪੰਜਾਬ ਦੀਆਂ ਖਿਡਾਰਨਾਂ ਦੀ ਇਹ ਪ੍ਰਾਪਤੀ ਉਨ੍ਹਾਂ ਦੀ ਮਿਹਨਤ, ਸਹਿਣਸ਼ੀਲਤਾ ਅਤੇ ਖੇਡ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ। ਦੱਸਣਯੋਗ ਹੈ ਕਿ ਡੇਰਾਬੱਸੀ ਦੀ ਰਹਿਣ ਵਾਲੀ ਸੁਸ਼ਮਾ ਬਾਜਵਾ ਅਤੇ ਸੰਦੀਪ ਕੌਰ ਪਹਿਲਾਂ ਵੀ ਵਿਸ਼ਵ ਪੱਧਰ ‘ਤੇ ਦੇਸ਼ ਦਾ ਨਾਂਅ ਰੌਸ਼ਨ ਕਰ ਚੁੱਕੀਆਂ ਹਨ ਅਤੇ ਸੋਨੇ ਤੇ ਚਾਂਦੀ ਦੇ ਤਗ਼ਮੇ ਆਪਣੇ ਨਾਂਅ ਕਰ ਚੁੱਕੀਆਂ ਹਨ।