ਯਮੁਨਾਨਗਰ, 24 ਨਵੰਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਨੇਕ ਚੰਦ ਮੈਮੋਰੀਅਲ ਕਲੱਬ ਦੀ ਸਥਾਪਨਾ ਕੀਤੀ ਗਈ ਹੈ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਇਹ ਸਮਝਾਉਣਾ ਹੈ ਕਿ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਬੇਕਾਰ ਸਮਝ ਕੇ ਸੁੱਟ ਦਿੰਦੇ ਹਾਂ, ਉਹ ਵੀ ਕਲਪਨਾ ਤੇ ਰਚਨਾਤਮਿਕਤਾ ਨਾਲ ਦੁਬਾਰਾ ਨਵੀਂ ਸ਼ੋਭਾ ਪ੍ਰਾਪਤ ਕਰ ਸਕਦੀਆਂ ਹਨ | ਰਾਕ ਗਾਰਡਨ ਦੇ ਰਚੇਤਾ ਨੇਕ ਚੰਦ ਦੀ ਅਦਭੁੱਤ ਕਲਾ ਤੇ ਸੋਚ ਤੋਂ ਪ੍ਰੇਰਨਾ ਲੈ ਕੇ ਹੀ ਇਹ ਕਲੱਬ ਸਥਾਪਿਤ ਕੀਤਾ ਗਿਆ ਹੈ | ਕਲੱਬ ਦੀ ਸ਼ੁਰੂਆਤ ਮੌਕੇ ਕਾਲਜ ਦੇ ਪਿ੍ੰ. ਡਾ. ਅਰਵਿੰਦਰ ਸਿੰਘ ਭੱਲਾ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਰੂ ਨਾਨਕ ਖਾਲਸਾ ਕਾਲਜ ਹਮੇਸ਼ਾ ਹੀ ਸੰਪੂਰਨ ਸਿੱਖਿਆ ਦੇ ਸਿਧਾਂਤ 'ਚ ਵਿਸ਼ਵਾਸ ਰੱਖਦਾ ਹੈ | ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਤੇ ਸ੍ਰੋਤਾਂ ਦਾ ਆਦਰ ਸਿਰਫ ਇਕ ਜ਼ਿੰਮੇਵਾਰੀ ਨਹੀਂ, ਬਲਕਿ ਜੀਵਨ ਦੀ ਸਮਝ ਹੈ | ਇਸ ਕਲੱਬ ਵਰਗੀਆਂ ਕੋਸ਼ਿਸ਼ਾਂ ਨਾਲ ਵਿਦਿਆਰਥੀਆਂ 'ਚ ਰਚਨਾਤਮਿਕ ਸੋਚ ਦੇ ਨਾਲ-ਨਾਲ ਜ਼ਿੰਮੇਵਾਰੀ ਦੀ ਭਾਵਨਾ ਵੀ ਵਿਕਸਿਤ ਹੁੰਦੀ ਹੈ | ਡਾ. ਭੱਲਾ ਨੇ ਕਾਮਨਾ ਕੀਤੀ ਕਿ ਇਹ ਕਲੱਬ ਕਾਲਜ ਕੈਂਪਸ 'ਚ ਸਥਿਰਤਾ ਤੇ ਹਰੇ-ਭਰੇ ਵਾਤਾਵਰਨ ਦੇ ਉਦੇਸ਼ ਨੂੰ ਪੂਰਾ ਕਰੇਗਾ | ਇਸ ਮੌਕੇ ਕਲੱਬ ਦੇ ਕਨਵੀਨਰ ਡਾ. ਨਿਧੀ ਮਹਿੰਦਰੂ ਨੇ ਦੱਸਿਆ ਕਿ ਇਹ ਕਲੱਬ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਿਕਤਾ ਨੂੰ ਅੱਗੇ ਲਿਜਾਂਦੇ ਹੋਏ ਵਾਤਾਵਰਨ ਪ੍ਰਤੀ ਸਨੇਹ ਅਤੇ ਸੰਵੇਦਨਸ਼ੀਲਤਾ ਦਾ ਮੌਕਾ ਪ੍ਰਦਾਨ ਕਰੇਗਾ | ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਵਿਚ ਇਹ ਯੋਗਤਾ ਹੈ ਕਿ ਉਹ ਸਧਾਰਨ ਬੇਕਾਰ ਸਮੱਗਰੀ ਨੂੰ ਆਪਣੀ ਕਲਪਨਾ ਅਤੇ ਮਿਹਨਤ ਨਾਲ ਇਕ ਨਵੀਂ ਅਤੇ ਸੁੰਦਰ ਵਸਤੂ 'ਚ ਬਦਲ ਸਕੇ | ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕਲੱਬ ਦੀਆਂ ਗਤੀਵਿਧੀਆਂ ਰਾਹੀਂ ਕਈ ਨਵੇਂ ਪ੍ਰਾਜੈਕਟਾਂ, ਪ੍ਰਦਰਸ਼ਨੀਆਂ ਤੇ ਕਾਲਜ ਦੇ ਸੁੰਦਰੀਕਰਨ ਨੂੰ ਹੁਲਾਰਾ ਮਿਲੇਗਾ | ਅੰਤ 'ਚ ਕਲੱਬ ਦੀ ਸਹਿ-ਕਨਵੀਨਰ ਪ੍ਰੋ. ਪੂਜਾ ਰਾਣਾ ਨੇ ਆਪਣੀ ਟੀਮ ਦੇ ਮੈਂਬਰਾਂ ਜ਼ਿਵੇਂ ਸ਼ਿਲਪੀ, ਮਨਗੀਤ ਕੌਰ ਤੇ ਖੁਸ਼ਪ੍ਰੀਤ ਦੇ ਸਹਿਯੋਗ ਨਾਲ ਕਲੱਬ ਨੂੰ ਇਕ ਅਜਿਹੀ ਜਗ੍ਹਾ ਬਣਾਉਣ ਲਈ ਆਪਣੀ ਵਚਨਬੱਧਤਾ ਪ੍ਰਗਟਾਈ, ਜਿਥੇ ਕਿ ਰਚਨਾਤਮਿਕਤਾ ਤੇ ਸਥਿਰਤਾ ਕੈਂਪਸ ਅਤੇ ਸਮਾਜ ਦੀ ਬਿਹਤਰੀ ਲਈ ਹੱਥ ਮਿਲਾਉਂਦੇ ਹਨ |