ਯਮੁਨਾਨਗਰ, 30 ਦਸੰਬਰ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਰਾਜ ਉੱਚ ਸਿੱਖਿਆ ਪ੍ਰੀਸ਼ਦ ਵਲੋਂ ਪੰਚਕੂਲਾ ਵਿਖੇ ਰਾਸ਼ਟਰੀ ਸਿੱਖਿਆ ਨੀਤੀ ਉੱਤਮਤਾ ਪੁਰਸਕਾਰ-2025 ਦੀ ਮੇਜ਼ਬਾਨੀ ਕੀਤੀ ਗਈ | ਇਹ ਸਮਾਰੋਹ ਉਨ੍ਹਾਂ ਵਿਦਿਅਕ ਸੰਸਥਾਵਾਂ ਨੂੰ ਸਨਮਾਨਿਤ ਕਰਨ ਲਈ ਕਰਵਾਇਆ ਗਿਆ ਸੀ, ਜਿਨ੍ਹਾਂ ਨੇ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਪ੍ਰਭਾਵਸ਼ਾਲੀ ਅਤੇ ਸ਼ਾਨਦਾਰ ਲਾਗੂਕਰਨ 'ਚ ਮੋਹਰੀ ਭੂਮਿਕਾ ਨਿਭਾਈ ਹੈ | ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਯਮੁਨਾਨਗਰ ਨੂੰ ਰਾਸ਼ਟਰੀ ਸਿੱਖਿਆ ਨੀਤੀ ਲਾਗੂਕਰਨ ਉੱਤਮਤਾ ਪੁਰਸਕਾਰ 2025 (ਸਿਲਵਰ ਸ਼੍ਰੇਣੀ) ਨਾਲ ਸਨਮਾਨਿਤ ਕੀਤਾ ਗਿਆ | ਇਹ ਵੱਕਾਰੀ ਸਨਮਾਨ ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਹਰਿਆਣਾ ਰਾਜ ਉੱਚ ਸਿੱਖਿਆ ਪ੍ਰੀਸ਼ਦ ਦੇ ਚੇਅਰਮੈਨ ਪ੍ਰੋ. ਕੈਲਾਸ਼ ਚੰਦਰ ਸ਼ਰਮਾ ਦੀ ਹਾਜ਼ਰੀ 'ਚ ਕਾਲਜ ਦੇ ਪਿ੍ੰਸੀਪਲ ਡਾ. ਸੁਖਵਿੰਦਰ ਕੌਰ ਨੂੰ ਭੇਟ ਕੀਤਾ | ਇਸ ਸਮਾਗਮ 'ਚ ਵਧੀਕ ਮੁੱਖ ਸਕੱਤਰ (ਉੱਚ ਸਿੱਖਿਆ) ਹਰਿਆਣਾ ਵਿਨੀਤ ਗਰਗ ਅਤੇ ਹਰਿਆਣਾ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਅਧਿਕਾਰੀ ਡਾ. ਰਾਜ ਨਹਿਰੂ ਵੀ ਮੌਜੂਦ ਸਨ | ਇਸ ਸਮਾਰੋਹ 'ਚ ਸੂਬੇ ਭਰ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਸੀਨੀਅਰ ਸਿੱਖਿਆ ਸ਼ਾਸਤਰੀਆਂ ਅਤੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ | ਗੁਰੂ ਨਾਨਕ ਗਰਲਜ਼ ਕਾਲਜ ਨੂੰ ਇਹ ਸਨਮਾਨ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਉਦੇਸ਼ਾਂ ਦੇ ਸਫਲ ਸੰਸਥਾਗਤ ਲਾਗੂਕਰਨ, ਨਵੀਨਤਾ-ਅਧਾਰਤ ਸਿੱਖਿਆ, ਅਕਾਦਮਿਕ ਗੁਣਵੱਤਾ ਅਤੇ ਸੰਪੂਰਨ ਵਿਦਿਆਰਥੀ ਵਿਕਾਸ ਪ੍ਰਤੀ ਵਚਨਬੱਧਤਾ ਲਈ ਦਿੱਤਾ ਗਿਆ | ਇਸਨੂੰ ਲੈ ਕੇ ਕਾਲਜ ਦੇ ਜਨਰਲ ਸਕੱਤਰ ਐਮ. ਐਸ. ਸਾਹਨੀ ਅਤੇ ਡਾਇਰੈਕਟਰ ਡਾ. ਵਰਿੰਦਰ ਗਾਂਧੀ ਨੇ ਪਿ੍ੰਸੀਪਲ ਡਾ. ਸੁਖਵਿੰਦਰ ਕੌਰ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਗੁਰੂ ਨਾਨਕ ਗਰਲਜ਼ ਕਾਲਜ ਦੀ ਅਕਾਦਮਿਕ ਉੱਤਮਤਾ, ਦੂਰਦਰਸ਼ੀ ਅਗਵਾਈ ਅਤੇ ਸਿੱਖਿਆ ਸੁਧਾਰਾਂ 'ਚ ਸਰਗਰਮ ਸ਼ਮੂਲੀਅਤ ਨੂੰ ਦਰਸਾਉਂਦੀ ਹੈ ਅਤੇ ਭਵਿੱਖ 'ਚ ਉੱਚ ਸਿੱਖਿਆ 'ਚ ਨਵੇਂ ਮਾਪਦੰਡ ਸਥਾਪਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ |
ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਰਾਸ਼ਟਰੀ ਸਿੱਖਿਆ ਨੀਤੀ ਉੱਤਮਤਾ ਪੁਰਸਕਾਰ-2025 ਨਾਲ ਸਨਮਾਨਿਤ
ਅਜੀਤ ਡੈਸਕ
31-12-2025