ਕਾਲਾਂਵਾਲੀ/ਸਿਰਸਾ, 30 ਦਸੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਸਾਲਮਖੇੜਾ ਨੇੜੇ ਇੱਕ ਕਾਰ ਸਵਾਰ ਨੌਜਵਾਨਾਂ ਨੇ ਦੂਜੀ ਕਾਰ ਵਿੱਚ ਸਵਾਰ ਲੋਕਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਕਾਰ ਨੂੰ ਨੁਕਸਾਨ ਪਹੁੰਚਾਇਆ | ਹਮਲੇ ਵਿੱਚ ਜ਼ਖਮੀ ਹੋਏ ਦੋ ਨੌਜਵਾਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ | ਮਿ੍ਤਕ ਦੇ ਭਰਾ ਹਰਮੇਲ ਸਿੰਘ ਦੇ ਬਿਆਨ ਦੇ ਆਧਾਰ 'ਤੇ ਥਾਣਾ ਔਢਾਂ ਪੁਲੀਸ ਨੇ ਛੇ ਨਾਮਜ਼ਦ ਵਿਅਕਤੀਆਂ ਅਤੇ ਕਈ ਹੋਰਾਂ ਵਿਰੁੱਧ ਕੇਸ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇਸੂਜੋਧਾ ਦਾ ਰਹਿਣ ਵਾਲਾ ਗੁਰਮੇਲ ਸਿੰਘ ਉਰਫ ਲੱਖਾ ਅਤੇ ਡੱਬਵਾਲੀ ਵਾਸੀ ਗੁਰਵਿੰਦਰ ਸਿੰਘ ਬੀਤੀ ਰਾਤ ਇੱਕ ਕਾਰ ਵਿੱਚ ਪਿੰਡ ਸਾਲਮਖੇੜਾ ਗਏ ਸਨ | ਜਦੋਂ ਉਹ ਰਾਤ ਨੂੰ ਵਾਪਸ ਆ ਰਹੇ ਸਨ ਤਾਂ ਸਾਲਮਖੇੜਾ ਨੇੜੇ ਇੱਕ ਹੋਰ ਕਾਰ ਵਿੱਚ ਸਵਾਰ ਕੁਝ ਲੋਕਾਂ ਨੇ ਗੁਰਮੇਲ ਦੀ ਕਾਰ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਕੇ ਰੋਕਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਮੌਕੇ 'ਤੇ ਪਹੁੰਚੀ ਅਤੇ ਗੰਭੀਰ ਜ਼ਖਮੀ ਗੁਰਮੇਲ ਅਤੇ ਗੁਰਵਿੰਦਰ ਨੂੰ ਔਢਾਂ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖਲ ਕਰਵਾਇਆ | ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਿਰਸਾ ਲਿਜਾਇਆ ਗਿਆ ਅਤੇ ਫਿਰ ਅਗਰੋਹਾ ਰੈਫਰ ਕਰ ਦਿੱਤਾ ਗਿਆ | ਗੰਭੀਰ ਜ਼ਖਮੀ ਗੁਰਮੇਲ ਸਿੰਘ (32) ਦੀ ਇਲਾਜ ਦੌਰਾਨ ਮੌਤ ਹੋ ਗਈ | ਦੂਜੇ ਜ਼ਖਮੀ ਗੁਰਵਿੰਦਰ ਸਿੰਘ ਦਾ ਇਲਾਜ ਚੱਲ ਰਿਹਾ ਹੈ | ਘਟਨਾ ਤੋਂ ਬਾਅਦ ਔਢਾਂ ਪੁਲੀਸ ਅਤੇ ਡੱਬਵਾਲੀ ਸੀਆਈਏ ਸਟਾਫ ਘਟਨਾ ਦੀ ਜਾਂਚ ਕਰਨ ਲਈ ਮੌਕੇ 'ਤੇ ਪਹੁੰਚੇ | ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਪਿੰਡ ਸਾਲਮਖੇੜਾ, ਚਕੇਰੀਆਂ ਅਤੇ ਡੱਬਵਾਲੀ ਦੇ ਹਨ ਅਤੇ ਸਾਰੇ ਅਪਰਾਧੀ ਕਿਸਮ ਦੇ ਹਨ | ਮਿ੍ਤਕਾਂ ਅਤੇ ਹਮਲਾਵਰਾਂ ਵਿਚਕਾਰ ਕੁਝ ਸਮੇਂ ਤੋਂ ਝਗੜਾ ਚੱਲ ਰਿਹਾ ਸੀ | ਘਟਨਾ ਤੋਂ ਪਹਿਲਾਂ ਪਿੰਡ ਔਢਾਂ ਵਿੱਚ ਦੋਵਾਂ ਧਿਰਾਂ ਵਿਚਕਾਰ ਲੜਾਈ ਵੀ ਹੋਈ ਸੀ | ਡੱਬਵਾਲੀ ਵਿੱਚ ਵੀ ਉਨ੍ਹਾਂ ਦੀ ਝੜਪ ਹੋਈ ਸੀ | ਕਤਲ ਦਾ ਕੋਈ ਠੋਸ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ | ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵੇਂ ਧਿਰਾਂ ਵਿੱਚ ਆਪਸੀ ਰੰਜਿਸ਼ ਸੀ | ਪੁਲੀਸ ਫਿਲਹਾਲ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ | ਥਾਣਾ ਔਢਾਂ ਦੇ ਇੰਚਾਰਜ ਆਨੰਦ ਕੁਮਾਰ ਬੈਨੀਵਾਲ ਨੇ ਦੱਸਿਆ ਕਿ ਪੋਸਟ ਮਾਰਟਮ ਤੋਂ ਬਾਅਦ ਮਿ੍ਤਕ ਗੁਰਮੇਲ ਸਿੰਘ ਦੀ ਲਾਸ਼ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਅਤੇ ਮਿ੍ਤਕ ਦਾ ਦੇਸੂਜੋਧਾ ਪਿੰਡ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ |