ਜਲੰਧਰ, 1 ਜੂਨ (ਸ਼ਿਵ)-ਰਮਨ ਅਰੋੜਾ ਮਾਮਲੇ 'ਚ ਵਿਜੀਲੈਂਸ ਬਿਊਰੋ ਵਲੋਂ ਕਈਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ ਤੇ ਕਈਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਨਾਜਾਇਜ਼ ਉਸਾਰੀਆਂ ਤੇ ਕੇਂਦਰੀ ਹਲਕੇ 'ਚ ਹੋਏ ਵਿਕਾਸ ਦੇ ਕੰਮਾਂ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਪਰ ਵਿਜੀਲੈਂਸ ਬਿਊਰੋ ਅਜੇ ਰਮਨ ਅਰੋੜਾ ਦੇ ਕੁੜਮ ਰਾਜੂ ਮਦਾਨ ਦੀ ਲਗਾਤਾਰ ਭਾਲ ਕਰ ਰਿਹਾ ਹੈ ਤੇ ਇਸ ਬਾਰੇ ਕਈ ਜਾਣਕਾਰੀਆਂ ਹਾਸਲ ਕਰ ਰਿਹਾ ਹੈ | ਰਮਨ ਅਰੋੜਾ ਮਾਮਲੇ ਵਿਚ ਹੋਏ ਲੈਣ-ਦੇਣ ਜਾਂ ਜਾਇਦਾਦਾਂ ਦੇ ਮਾਮਲੇ 'ਚ ਜਾਣਕਾਰੀਆਂ ਲੈਣ ਲਈ ਵਿਜੀਲੈਂਸ ਨੂੰ ਰਾਜੂ ਮਦਾਨ ਦੀ ਭਾਲ ਹੈ | ਕੁੱਝ ਦਿਨ ਪਹਿਲਾਂ ਇਸ ਦੀ ਕਾਫ਼ੀ ਚਰਚਾ ਹੋਈ ਸੀ ਕਿ ਰਾਜੂ ਮਦਾਨ ਤੇ ਹੋਰਾਂ ਨੂੰ ਮੁੰਬਈ ਏਅਰਪੋਰਟ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ ਪਰ ਇਹ ਸੂਚਨਾ ਵੀ ਚਰਚਾ ਸਾਬਤ ਹੋਈ ਸੀ ਕਿਉਂਕਿ ਵਿਜੀਲੈਂਸ ਕੋਲ ਅਜੇ ਤੱਕ ਰਾਜੂ ਮਦਾਨ ਦੀ ਕੋਈ ਸੂਚਨਾ ਨਹੀਂ ਹੈ | ਵਿਜੀਲੈਂਸ ਵਲੋਂ ਇਸ ਮਾਮਲੇ 'ਚ ਕਈਆਂ ਕੋਲ ਪੁੱਛਗਿੱਛ ਕੀਤੀ ਗਈ ਹੈ ਤੇ ਅਜੇ ਰਾਜੂ ਮਦਾਨ ਤੋਂ ਪੁੱਛਗਿੱਛ ਕੀਤੀ ਜਾਣੀ ਹੈ | ਰਮਨ ਅਰੋੜਾ ਮਾਮਲੇ 'ਚ ਉਸ ਦੇ ਬੇਟੇ ਰਾਜਨ ਅਰੋੜਾ ਨੇ ਗਿ੍ਫ਼ਤਾਰੀ ਦੀ ਸ਼ੰਕਾ ਕਰਕੇ ਆਪਣੀ ਅਗਾਉਂ ਅਰਜ਼ੀ ਵੀ ਅਦਾਲਤ ਵਿਚ ਲਗਾਈ ਸੀ | ਉੱਧਰ ਵਿਜੀਲੈਂਸ ਬਿਊਰੋ ਇਸ ਮਾਮਲੇ ਵਿਚ ਕਾਫ਼ੀ ਜਾਣਕਾਰੀਆਂ ਹਾਸਲ ਕਰ ਚੁੱਕਾ ਹੈ ਤੇ ਇਸ ਤੋਂ ਇਲਾਵਾ ਕਈ ਲੋਕਾਂ ਦੇ ਅਦਾਲਤ 'ਚ ਬਿਆਨ ਵੀ ਦਰਜ ਕਰਵਾਏ ਗਏ ਹਨ | ਵਿਜੀਲੈਂਸ ਨੇ ਜਿਨ੍ਹਾਂ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਤੋਂ ਵੀ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਹਾਸਲ ਕੀਤੀਆਂ ਗਈਆਂ ਹਨ ਪਰ ਰਾਜੂ ਮਦਾਨ ਬਾਰੇ ਅਜੇ ਵੀ ਭੇਤ ਬਰਕਰਾਰ ਹੈ |
ਕਿੱਥੇ ਹੈ ਰਾਜੂ ਮਦਾਨ, ਅਜੇ ਤੱਕ ਭੇਤ ਹੈ ਬਰਕਰਾਰ
ਅਜੀਤ ਡੈਸਕ
02-06-2025