ਚੁਗਿੱਟੀ/ਜੰਡੂ ਸਿੰਘਾ, 1 ਜੂਨ (ਨਰਿੰਦਰ ਲਾਗੂ)-ਜਲੰਧਰ ਦੇ ਅੰਦਰੂਨੀ ਇਲਾਕਿਆਂ 'ਚ ਲਾਪ੍ਰਵਾਹੀ ਵਰਤਦੇ ਹੋਏ ਖੋਲੇ ਜਾ ਰਹੇ ਸ਼ਰਾਬ ਦੇ ਠੇਕੇ ਨਵੀਂ ਪੀੜ੍ਹੀ ਲਈ ਚਿੰਤਾ ਵਾਲਾ ਵਿਸ਼ਾ ਹੈ | ਜਿਸ ਨੂੰ ਲੈ ਕੇ ਸਮਾਜਿਕ ਜਥੇਬੰਦੀਆਂ ਵਲੋਂ ਅੱਗੇ ਆ ਕੇ ਇਸ ਮਸਲੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ | ਇਹ ਪ੍ਰਗਟਾਵਾ ਅੱਜ ਗੱਲਬਾਤ ਕਰਦੇ ਹੋਏ ਸਰਗਰਮ ਭਾਜਪਾ ਆਗੂ ਅਜੈ ਭਾਰਦਵਾਜ, ਉਘੇ ਸਮਾਜ ਸੇਵਕ ਤੇ ਭਾਜਪਾ ਨੇਤਾ ਹਰਜੀਤ ਸਿੰਘ ਚੱਠਾ, ਅਕਾਲੀ ਦਲ ਮਾਨ ਦੇ ਵਰਕਰ ਸਤਿੰਦਰਪਾਲ ਸਿੰਘ, ਗੁਰਮੀਤ ਕੌਰ ਭਟਨੂਰਾਂ ਕਲਾਂ, ਰਾਮ ਲੁਭਾਇਆ ਚੁਗਿੱਟੀ ਤੇ ਸੁਭਾਸ਼ ਕੁਮਾਰ ਸਮੇਤ ਕਈ ਹੋਰ ਜਾਗਰੂਕ ਲੋਕਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਨਾਂਅ ਹੇਠ ਮੁਹਿੰਮ ਵਿੱਢੀ ਹੋਈ ਹੈ ਤੇ ਦੂਜੇ ਪਾਸੇ ਖ਼ੁਦ ਹੀ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਉਨ੍ਹਾਂ ਨੂੰ ਸ਼ਰਾਬ ਦੇ ਕਾਲੇ ਕਾਰੋਬਾਰ ਵੱਲ ਲਗਾ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਦੋਗਲੀ ਨੀਤੀ ਨੂੰ ਲੋਕ ਸਮਝ ਚੁੱਕੇ ਹਨ | ਜਿਸ ਕਰਕੇ ਸਰਕਾਰ ਦੀ ਇਸ ਮਨਮਾਨੀ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ |