ਜਲੰਧਰ, 2 ਜੂਨ (ਸ਼ਿਵ)-ਪਿਛਲੇ ਕੁੱਝ ਦਿਨਾਂ ਤੋਂ ਫਗਵਾੜਾ ਗੇਟ ਇਲੈਕਟ੍ਰੀਕਲ ਮਾਰਕੀਟ 'ਚ ਦਿਨ ਵਿਚ ਸਿਰਫ਼ ਤਿੰਨ ਤੋਂ ਚਾਰ ਘੰਟੇ ਬਿਜਲੀ ਮਿਲਦੀ ਹੈ ਤੇ ਬਾਕੀ ਸਾਰਾ ਦਿਨ ਨੁਕਸ ਰਹਿਣ ਕਰਕੇ ਕਾਰੋਬਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਸਹਿਗਲ ਨੇ ਕਿਹਾ ਕਿ ਬਿਜਲੀ ਦੇ ਟਰਾਂਸਫ਼ਾਰਮਰ ਤੇ ਤਾਰਾਂ ਪੁਰਾਣੇ ਹੋਣ ਕਾਰਨ ਕਈ ਵਾਰ ਤਾਰਾਂ ਸੜ ਜਾਂਦੀਆਂ ਹਨ ਤੇ ਕਈ ਵਾਰ ਟਰਾਂਸਫ਼ਾਰਮਰ ਵਿਚ ਨੁਕਸ ਪੈ ਜਾਂਦਾ ਹੈ, ਜਿਸ ਕਾਰਨ ਦਿਨ-ਰਾਤ ਬਾਜ਼ਾਰ ਵਿਚ ਕਈ ਘੰਟੇ ਬਿਜਲੀ ਕੱਟ ਰਹਿੰਦਾ ਹੈ, ਜਿਸ ਕਾਰਨ ਦੁਕਾਨਦਾਰਾਂ ਵਿਚ ਗ਼ੁੱਸਾ ਹੈ¢ ਪ੍ਰਧਾਨ ਅਮਿਤ ਸਹਿਗਲ ਨੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਬਿਜਲੀ ਦੀਆਂ ਤਾਰਾਂ ਨੂੰ ਜਲਦੀ ਤੋਂ ਜਲਦੀ ਬਦਲਿਆ ਜਾਵੇ ਤੇ ਟਰਾਂਸਫ਼ਾਰਮਰ ਨੂੰ ਲੋਡ ਅਨੁਸਾਰ ਬਦਲਿਆ ਜਾਵੇ¢ ਐਸੋਸੀਏਸ਼ਨ ਦੇ ਚੇਅਰਮੈਨ ਮਨੋਜ ਕਪਿਲਾ ਨੇ ਕਿਹਾ ਕਿ ਘੰਟਿਆਂ ਤੱਕ ਬਿਜਲੀ ਬੰਦ ਰਹਿਣ ਕਾਰਨ ਇਨਵਰਟਰ ਵੀ ਕੰਮ ਕਰਨਾ ਬੰਦ ਕਰ ਦਿੰਦੇ ਹਨ | ਕਾਰੋਬਾਰੀ ਸੁਰੇਸ਼ ਗੁਪਤਾ ਦਾ ਕਹਿਣਾ ਸੀ ਕਿ ਬਿਜਲੀ ਖ਼ਰਾਬੀ ਕਰਕੇ ਕਾਰੋਬਾਰੀਆਂ ਨੂੰ ਜਲਦੀ ਦੁਕਾਨਾਂ ਬੰਦ ਕਰਨੀਆਂ ਪੈਂਦੀਆਂ ਹਨ ਤੇ ਇਸ ਨਾਲ ਨੁਕਸਾਨ ਹੋ ਰਿਹਾ ਹੈ | ਬਿਜਲੀ ਮੁਲਾਜ਼ਮ ਇਕ ਤਾਂ ਪਹਿਲਾਂ ਕਾਫੀ ਦੇਰ ਨਾਲ ਬਿਜਲੀ ਠੀਕ ਕਰਨ ਆਉਂਦੇ ਹਨ ਤੇ ਠੀਕ ਕਰਨ ਤੋਂ ਬਾਅਦ ਬਿਜਲੀ ਦੁਬਾਰਾ ਬੰਦ ਹੋ ਜਾਂਦੀ ਹੈ | ਇਸ ਮੌਕੇ ਕੁੱਕੂ ਮਿੱਢਾ, ਅਰੁਣ ਦੇਵ ਮਹਿਤਾ, ਰੌਬਿਨ ਗੁਪਤਾ, ਗੌਰਵ ਬੱਸੀ, ਗਗਨ ਛਾਬੜਾ, ਸੰਨ ਗੁਪਤਾ, ਸਚਿਨ ਗੁਪਤਾ, ਸੰਜੇ ਵਰਮਾ, ਕਪਿਲ ਗੁਪਤਾ ਤੇ ਹੋਰ ਕਾਰੋਬਾਰੀ ਮੌਜੂਦ ਸਨ |