22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਗੁਰੂ ਨਾਨਕਪੁਰਾ ਮਾਰਕੀਟ 'ਚ ਖੁੱਲ੍ਹੇ ਸ਼ਰਾਬ ਦੇ ਠੇਕੇ ਦੇ ਵਿਰੋਧ 'ਚ ਲੋਕਾਂ ਵਲੋਂ ਧਰਨਾ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 04-06-2025
ਚੁਗਿੱਟੀ/ਜੰਡੂਸਿੰਘਾ, 3 ਜੂਨ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ ਮਾਰਕੀਟ 'ਚ ਕੁਝ ਦਿਨ ਪਹਿਲਾਂ ਖੋਲ੍ਹੇ ਗਏ ਸ਼ਰਾਬ ਦੇ ਠੇਕੇ ਦਾ ਇਲਾਕਾ ਵਸਨੀਕਾਂ ਵਲੋਂ ਵਿਰੋਧ ਕੀਤੇ ਜਾਣ ਦੇ ਬਾਵਜੂਦ ਠੇਕਾ ਬੰਦ ਨਾ ਕੀਤੇ ਜਾਣ ਤੋਂ ਗੁੱਸੇ 'ਚ ਆਏ ਇਲਾਕਾ ਵਸਨੀਕਾਂ ਵਲੋਂ ਮੰਗਲਵਾਰ ਨੂੰ ਬਾਅਦ ਦੁਪਹਿਰ ਇਕ ਵਾਰ ਫਿਰ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਸੂਬਾ ਸਰਕਾਰ ਖ਼ਿਲਾਫ਼ ਭੜਾਸ ਕੱਢਦੇ ਹੋਏ ਰੋਸ ਪ੍ਰਦਰਸ਼ਨ ਕਰਦੇ ਹੋਏ 'ਪੰਜਾਬ ਸਰਕਾਰ ਮੁਰਦਾਬਾਦ' ਦੇ ਨਾਅਰੇ ਲਗਾਏ ਗਏ | ਇਸ ਦੌਰਾਨ ਲੋਕਾਂ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਦੋਗਲੀ ਨੀਤੀ 'ਤੇ ਚੱਲਣ ਵਾਲੀ ਸਰਕਾਰ ਆਖਦਿਆਂ ਕਿਹਾ ਕਿ ਸ਼ਰਮ ਵਾਲੀ ਗੱਲ ਹੈ ਕਿ ਜਿਸ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਦੇ ਨਾਂਅ 'ਤੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ ਅਡੰਬਰ ਰਚਿਆ ਜਾ ਰਿਹਾ ਹੈ, ਉਸ ਸਰਕਾਰ ਦੇ ਨੁਮਾਇੰਦੇ ਹੀ ਠੇਕੇ ਖੁੱਲ੍ਹਵਾ ਕੇ ਲੋਕਾਂ ਨੂੰ ਨਸ਼ਿਆਂ ਦੀ ਦਲਦਲ 'ਚ ਸੁੱਟਣ ਦਾ ਸ਼ਰਮਨਾਕ ਕਾਰਾ ਕਰ ਰਹੇ ਹਨ | ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਉਕਤ ਮਾਰਕੀਟ ਜਿਥੇ ਕਿ ਠੇਕੇ ਖੋਲ੍ਹੇ ਗਏ ਹਨ, ਉਥੇ ਸਮੇਂ-ਸਮੇਂ 'ਤੇ ਕੀਰਤਨ ਦਰਬਾਰ ਤੇ ਸਾਲਾਨਾ ਜਾਗਰਣ ਤੋਂ ਇਲਾਵਾ ਕੋਈ ਨਾ ਕੋਈ ਧਾਰਮਿਕ ਗਤੀਵਿਧੀ ਲੋਕਾਂ ਵਲੋਂ ਹੁੰਦੀ ਹੀ ਰਹਿੰਦੀ ਹੈ | ਇਸ ਤੋਂ ਇਲਾਵਾ ਆਸ-ਪਾਸ ਦੇ ਖੇਤਰ 'ਚ ਕਈ ਸਕੂਲ ਵੀ ਹਨ ਪਰ ਠੇਕੇ ਖੋਲ੍ਹਣ ਵਾਲਿਆਂ ਵਲੋਂ ਇਸ ਗੱਲ ਦਾ ਖਿਆਲ ਨਹੀਂ ਰੱਖਿਆ ਗਿਆ ਕਿ ਇਨ੍ਹਾਂ ਠੇਕਿਆਂ ਦਾ ਸਕੂਲਾਂ 'ਚ ਪੜ੍ਹਣ ਵਾਲੇ ਬੱਚਿਆਂ ਤੇ ਨੇੜੇ ਸਥਿਤ ਮੰਦਿਰਾਂ ਤੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਸ਼ਾਮ ਆਉਣ-ਜਾਣ ਵਾਲੇ ਲੋਕਾਂ ਦੇ ਮਨ 'ਤੇ ਕੀ ਅਸਰ ਪਵੇਗਾ | ਉਨ੍ਹਾਂ ਕਿਹਾ ਕਿ ਬੜੇ ਦੁੱਖ ਵਾਲਾ ਪਹਿਲੂ ਹੈ ਕਿ ਇਨ੍ਹਾਂ ਠੇਕਿਆਂ ਨੂੰ ਲੈ ਕੇ ਇਲਾਕਾ ਵਸਨੀਕਾਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਪਰ ਨਸ਼ਿਆਂ ਨੂੰ ਖ਼ਤਮ ਕਰਨ ਦਾ ਫੌਕਾ ਹੋਕਾ ਦੇਣ ਵਾਲੀ ਪੰਜਾਬ ਸਰਕਾਰ 'ਤੇ ਕੋਈ ਅਸਰ ਨਹੀਂ ਹੋ ਰਿਹਾ ਹੈ | ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਿਥੇ ਠੇਕਾ ਖੁੱਲ੍ਹਵਾਉਣ 'ਚ ਸੱਤਾਧਾਰੀ ਪਾਰਟੀ ਦੇ ਇਕ ਕੌਂਸਲਰ ਵਲੋਂ ਪੂਰੀ ਅੜੀ ਦਿਖਾਈ ਜਾ ਰਹੀ ਹੈ, ਉਥੇ ਹੀ ਦੂਜੇ ਪਾਸੇ 'ਆਪ' ਦੇ ਹੀ ਇਕ ਕੌਂਸਲਰ ਦੇ ਪਤੀ ਵਲੋਂ ਇਲਾਕਾ ਵਸਨੀਕਾਂ ਦਾ ਠੇਕਾ ਬੰਦ ਕਰਵਾਉਣ ਦੇ ਮਾਮਲੇ 'ਚ ਪੂਰਾ-ਪੂਰਾ ਸਾਥ ਦਿੱਤਾ ਜਾ ਰਿਹਾ ਹੈ | ਲੋਕਾਂ ਵਲੋਂ ਮੌਕੇ 'ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਉਕਤ ਕੌਂਸਲਰ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਜ਼ਿੱਦ ਛੱਡ ਕੇ ਲੋਕਾਂ ਦੇ ਭਲੇ ਲਈ ਅੱਗੇ ਆਉਣ |
ਲੋਕਾਂ ਵਲੋਂ ਪੰਜਾਬ ਪੁਲਿਸ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਇਸੇ ਦੌਰਾਨ ਜਦੋਂ ਲੋਕਾਂ ਵਲੋਂ ਸ਼ਰਾਬ ਦੇ ਠੇਕੇ ਨੂੰ ਜ਼ਬਰਦਸਤੀ ਬੰਦ ਕਰਵਾਉਣ ਦਾ ਯਤਨ ਕੀਤਾ ਗਿਆ, ਤਾਂ ਮੌਕੇ 'ਤੇ ਪਹੁੰਚੇ ਥਾਣਾ ਰਾਮਾਂਮੰਡੀ ਦੇ ਮੁਖੀ ਤੇ ਉਨ੍ਹਾਂ ਦੀ ਪੁਲਿਸ ਟੀਮ ਵਲੋਂ ਲੋਕਾਂ ਨੂੰ ਰੋਕਿਆ ਗਿਆ, ਜਿਸ ਤੋਂ ਗੁੱਸੇ 'ਚ ਆਏ ਲੋਕਾਂ ਵਲੋਂ ਪੰਜਾਬ ਪੁਲਿਸ ਮੁਰਦਾਬਾਦ ਦੇ ਨਾਅਰੇ ਲਗਾਏ | ਇਸ ਦੌਰਾਨ ਦੋਸ਼ ਲਗਾਉਂਦੇ ਹੋਏ ਸਮਾਜ ਸੇਵਕ ਹਰਜੀਤ ਸਿੰਘ ਚੱਠਾ, ਅਜੇ ਭਾਰਦਵਾਜ ਤੇ ਹਾਜ਼ਰ ਕਈ ਹੋਰ ਭਾਜਪਾ ਆਗੂਆਂ ਨੇ ਆਖਿਆ ਕਿ ਸੂਬੇ ਦੀ ਪੁਲਿਸ ਵੀ ਨਸ਼ਾ ਵਪਾਰੀਆਂ ਦੇ ਨਾਲ ਰਲੀ ਹੋਈ ਹੈ, ਇਸੇ ਕਰਕੇ ਪੁਲਿਸ ਵਲੋਂ ਇਸ ਮਾਮਲੇ 'ਚ ਢਿੱਲ ਵਰਤੀ ਜਾ ਰਹੀ ਹੈ | ਉਧਰ ਜਦੋਂ ਇਸ ਸੰਬੰਧ 'ਚ ਥਾਣਾ ਰਾਮਾਂਮੰਡੀ ਦੇ ਇੰਚਾਰਜ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਰਾਬਤਾ ਕਾਇਮ ਨਹੀਂ ਹੋ ਸਕਿਆ | ਇਸ ਮੌਕੇ ਰਾਮ ਲੁਭਾਇਆ, ਗਿਆਨ ਚੰਦ, ਵਿਪਨ ਕੁਮਾਰ, ਆਕਾਸ਼, ਸੋਨੂੰ, ਵਿਜੈ ਪਿੰਕਾ, ਮੁਕੇਸ਼, ਮੁਨੀਸ਼ ਅਗਰਵਾਲ, ਰਾਜ ਪ੍ਰਭਾਕਰ, ਅਜੈ ਭਨੋਟ, ਊਸ਼ਾ ਮਹੰਤ, ਰਿਤੂ, ਅਜੈ ਕੁਮਾਰ ਮਹੰਤ, ਰਮੇਸ਼ ਭੱਲਾ, ਡਾ. ਭੁਪਿੰਦਰ ਸਿੰਘ, ਹਰਜਿੰਦਰ ਸਿੰਘ, ਹਿਮਾਂਸ਼ੂ ਤੇ ਬੰਟੀ ਸਮੇਤ ਕਈ ਹੋਰ ਖੇਤਰ ਵਸਨੀਕ ਹਾਜ਼ਰ ਸਨ | ਲੋਕਾਂ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਢਿੱਲ ਵਰਤੀ ਗਈ ਤਾਂ ਉਨ੍ਹਾਂ ਵਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਫਰਦ ਕੇਂਦਰਾਂ ਦੇ ਕਰਮਚਾਰੀਆਂ ਨੇ ਤਨਖਾਹਾਂ ਨਾ ਮਿਲਣ ਕਰਕੇ ਕੀਤੀ ਅਣਮਿੱਥੇ ਸਮੇਂ ਦੀ ਹੜਤਾਲ <br/> ਅਗਲੀ ਖ਼ਬਰ ਨਗਰ ਨਿਗਮ ਤੇ ਟਰੈਫਿਕ ਪੁਲਿਸ ਦੀਆਂ ਟੀਮਾਂ ਨੇ ਬਾਜ਼ਾਰਾਂ 'ਚ ਕੀਤੇ ਨਾਜਾਇਜ਼ ਕਬਜ਼ੇ ਹਟਵਾਏ <br/>
Ad Position 24