ਜਲੰਧਰ, 3 ਜੂਨ (ਡਾ.ਜਤਿੰਦਰ ਸਾਬੀ)- ਸੀ.ਟੀ ਗਰੁੱਪ ਵਲੋਂ ਨਾਰਥ ਕੈਂਪਸ ਮਕਸੂਦਾਂ ਵਲੋਂ ਵਿਸ਼ਵ ਸਾਈਕਲ ਦਿਵਸ ਦੇ ਮੌਕੇ 'ਤੇ ਇਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ | ਇਸ ਰੈਲੀ ਦਾ ਮੁੱਖ ਮਕਸਦ ਸਾਈਕਲਿੰਗ ਰਾਹੀਂ ਵਾਤਾਵਰਨ ਜਾਗਰੂਕ ਕਰਨਾ, ਸਰੀਰਕ ਤੰਦਰੁਸਤੀ ਤੇ ਸਮਾਜ 'ਚ ਆਪਸੀ ਭਾਈਚਾਰਕ ਸਾਂਝ ਮਜਬੂਤ ਕਰਨਾ ਸੀ | ਸਾਈਕਲ ਰੈਲੀ 'ਚ 70 ਤੋਂ ਵੱਧ ਸਾਈਕਲ ਸਵਾਰਾਂ ਨੇ ਹਿੱਸਾ ਲਿਆ ਤੇ ਸਕਾਈਲਾਰਕ ਚੌਂਕ ਤੋਂ ਸ਼ੁਰੂ ਹੋ ਕੇ ਇਹ ਰੈਲੀ ਮਕਸੂਦਾਂ ਕੈਂਪਸ ਵਿਖੇ ਸਮਾਪਤ ਹੋਈ | ਰੈਲੀ ਨੂੰ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਚੰਨੀ ਨੇ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ 'ਤੇ ਸਾਈਕਲ ਸਵਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਤੇ ਪ੍ਰਬੰਧਕਾਂ ਵਲੋਂ ਬੂਟਿਆਂ ਦੇ ਬੀਜ, ਸਰਟੀਫਿਕੇਟ ਤੇ ਮੈਡਲ ਤੇ ਫੋਟੋਆਂ ਦਿੱਤੀਆਂ ਗਈਆਂ | ਇਸ ਮੌਕੇ 'ਤੇ ਉਪ ਚੇਅਰਮੈਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਾਈਕਲ ਰੈਲੀ ਸਮਾਜ ਨੂੰ ਇਕ ਨਵੀ ਸੇਧ ਦੇਵੇਗੀ ਤੇ ਸੀ.ਟੀ. ਗਰੁੱਪ ਵਲੋਂ ਸਮੇੇਂ ਸਮੇਂ 'ਤੇ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਰਹਿਣਗੇ | ਇਸ ਮੌਕੇ 'ਤੇ ਕੈਂਪਸ ਦੇ ਡਾਇਰੈਕਟਰ ਡਾ ਅਨੁਰਾਗ ਸ਼ਰਮਾਂ ਤੇ ਡਿਪਟੀ ਡਾਇਰੈਕਟਰ ਰਮਨਦੀਪ ਗੌਤਮ ਵੀ ਮੌਜੂਦ ਰਹੇ ਤੇ ਉਨ੍ਹਾਂ ਨੇ ਵੀ ਹਿੱਸਾ ਲੈਣ ਵਾਲੇ ਸਾਈਕਲ ਸਵਾਰਾਂ ਦੀ ਹੌਂਸਲਾ ਅਫਜ਼ਾਈ ਕੀਤੀ |