ਨਗਰ ਨਿਗਮ 'ਚ ਸੇਵਾਮੁਕਤ ਅਫ਼ਸਰ, ਮੁਲਾਜ਼ਮ ਰੱਖਣ ਦਾ ਵਿਰੋਧ ਸ਼ੁਰੂ <br/>
ਅਜੀਤ ਡੈਸਕ
04-06-2025
ਬਾਹਰੀ ਅਫ਼ਸਰ ਹੋਣ ਕਰਕੇ ਹੱਲ ਨਹੀਂ ਹੁੰਦੀਆਂ ਸਮੱਸਿਆਵਾਂ
ਨਗਰ ਨਿਗਮ ਵਲੋਂ ਕਈ ਸੇਵਾਮੁਕਤ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਰੱਖਣ ਦੀ ਤਿਆਰੀ ਸ਼ੁਰੂ ਕੀਤੀ ਜਾ ਰਹੀ ਹੈ ਤੇ ਨਿਗਮ ਯੂਨੀਅਨ ਵਲੋਂ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਪਰ ਦੱਸਿਆ ਜਾਂਦਾ ਹੈ ਕਿ ਨਿਗਮ ਪ੍ਰਸ਼ਾਸਨ ਨੂੰ ਇਸ ਵੇਲੇ ਕਈ ਸਮੱਸਿਆਵਾਂ ਹੱਲ ਕਰਨ ਲਈ ਪ੍ਰੇਸ਼ਾਨੀ ਆ ਰਹੀ ਹੈ ਕਿਉਂਕਿ ਸੀਵਰੇਜ ਸਮੱਸਿਆਵਾਂ ਹੱਲ ਕਰਨ ਲਈ ਕਈ ਵਾਰ ਦੂਜੇ ਜ਼ਿਲਿ੍ਹਆਂ ਦੇ ਅਫ਼ਸਰ ਵੀ ਆਉਂਦੇ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਤਾਂ ਸ਼ਹਿਰ ਦੇ ਸੀਵਰੇਜ ਸਿਸਟਮ ਦੀ ਜ਼ਿਆਦਾ ਸਮਝ ਨਹੀਂ ਹੁੰਦੀ ਹੈ ਜਦਕਿ ਸੇਵਾਮੁਕਤ ਹੋਏ ਅਫ਼ਸਰਾਂ ਨੂੰ ਇਸ ਦਾ ਕਾਫੀ ਜਾਣਕਾਰੀ ਹੰੁਦੀ ਹੈ ਤੇ ਸਮੱਸਿਆਵਾਂ ਜਲਦੀ ਹੱਲ ਹੁੰਦੀਆਂ ਹਨ | ਕੁੱਝ ਸਮਾਂ ਪਹਿਲਾਂ ਮੇਅਰ ਵਨੀਤ ਧੀਰ ਵਲੋਂ ਸੀਵਰੇਜ ਸਮੱਸਿਆਵਾਂ ਤੋਂ ਇਲਾਵਾ ਕੂੜਾ ਸੰਭਾਲ ਪ੍ਰਾਜੈਕਟ ਬਾਰੇ ਗੱਲਬਾਤ ਕਰਨ ਲਈ ਸੇਵਾਮੁਕਤ ਤੇ ਮਾਹਰ ਅਫ਼ਸਰਾਂ ਨੂੰ ਸੱਦਿਆ ਗਿਆ ਸੀ ਪਰ ਨਿਗਮ ਪ੍ਰਸ਼ਾਸਨ ਵਲੋਂ ਸੇਵਾਮੁਕਤ ਅਫ਼ਸਰਾਂ ਦੀਆਂ ਸੇਵਾਵਾਂ ਲੈਣ ਤੋਂ ਪਹਿਲਾਂ ਹੀ ਇਸ ਫ਼ੈਸਲੇ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਜਦਕਿ ਕਈਆਂ ਦਾ ਕਹਿਣਾ ਸੀ ਕਿ ਸੀਵਰੇਜ ਸਮੱਸਿਆਵਾਂ ਹੱਲ ਕਰਨ ਬਰਾਂਚ 'ਚ ਉਸ ਅਫ਼ਸਰ ਨੂੰ ਲਗਾਇਆ ਜਾਣਾ ਚਾਹੀਦਾ ਹੈ ਕਿ ਜਿਸ ਨੂੰ ਸ਼ਹਿਰ ਦੇ ਸਾਰੇ ਸੀਵਰੇਜ ਸਿਸਟਮ ਦੀ ਜਾਣਕਾਰੀ ਹੁੰਦੀ ਹੋਵੇ | ਉਂਜ ਇਸ ਵੇਲੇ ਨਿਗਮ ਦੇ ਕਈ ਵਿਭਾਗਾਂ 'ਚ ਅਫ਼ਸਰਾਂ ਤੇ ਮੁਲਾਜ਼ਮਾਂ ਦੀ ਭਾਰੀ ਕਮੀ ਹੈ ਤੇ ਸਰਕਾਰ ਨੂੰ ਕਈ ਵਾਰ ਲਿੱਖਣ ਦੇ ਬਾਵਜੂਦ ਅਫ਼ਸਰਾਂ ਤੇ ਮੁਲਾਜ਼ਮਾਂ ਦੀ ਭਰਤੀ ਦਾ ਕੰਮ ਲਗਾਤਾਰ ਲਟਕਦਾ ਰਿਹਾ ਹੈ |