22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਸ਼ਾਹਕੋਟ ਦੇ ਬੀ.ਡੀ.ਪੀ.ਓ ਦਫ਼ਤਰ 'ਚ ਭਿ੍ਸ਼ਟਾਚਾਰ ਦਾ ਬੋਲਬਾਲਾ <br/>

Ad Position 21
No active advertisement
ਅਜੀਤ ਡੈਸਕ 04-06-2025
ਸ਼ਾਹਕੋਟ, 3 ਜੂਨ (ਦਲਜੀਤ ਸਿੰਘ ਸਚਦੇਵਾ)- ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੇ ਸਰਕਾਰ ਵਲੋਂ ਭਾਵੇਂ ਭਿ੍ਸ਼ਟਾਚਾਰ ਨੂੰ ਠੱਲ੍ਹ ਪਾਉਣ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਪੱਧਰ 'ਤੇ ਸਰਕਾਰੀ ਦਫ਼ਤਰਾਂ 'ਚ ਅਜੇ ਵੀ ਭਿ੍ਸ਼ਟ ਅਧਿਕਾਰੀ ਤੇ ਮੁਲਾਜ਼ਮ ਆਮ ਲੋਕਾਂ ਤੋਂ ਕੰਮ ਕਰਵਾਉਣ ਬਦਲੇ ਰਿਸ਼ਵਤ ਮੰਗਣ ਤੋਂ ਬਾਜ਼ ਨਹੀਂ ਆ ਰਹੇ | ਅਜਿਹਾ ਹੀ ਇਕ ਮਾਮਲਾ ਬੀ.ਡੀ.ਪੀ.ਓ ਦਫ਼ਤਰ ਸ਼ਾਹਕੋਟ 'ਚ ਸਾਹਮਣੇ ਆਇਆ ਹੈ, ਜਿਥੇ ਦਫ਼ਤਰ ਵਿਚ ਸੇਵਾਵਾਂ ਨਿਭਾਅ ਰਹੇ ਇਕ ਕੰਪਿਊਟਰ ਆਪ੍ਰੇਟਰ ਵਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਸ਼ੇਖੇਵਾਲ ਦੇ 4 ਲਾਭਪਾਤਰੀਆਂ ਨੂੰ ਗਰਾਂਟ ਦੇ ਪੈਸੇ ਪਾਉਣ ਲਈ ਰਿਸ਼ਵਤ ਦੇ ਤੌਰ 'ਤੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ | ਰਿਸ਼ਵਤ ਦੇ ਮਾਮਲੇ ਨੂੰ ਲੈ ਕੇ ਲਾਭਪਾਤਰੀ ਪਰਿਵਾਰਾਂ ਵਲੋਂ ਬੀ.ਡੀ.ਪੀ.ਓ ਸ਼ਾਹਕੋਟ ਨੂੰ ਕੰਪਿਊਟਰ ਆਪ੍ਰੇਟਰ ਖ਼ਿਲਾਫ਼ ਹਲਫ਼ੀਆ ਬਿਆਨ ਦੇ ਕੇ ਕੀਤੀ ਗਈ ਲਿਖਤੀ ਸ਼ਿਕਾਇਤ ਨੂੰ ਇਕ ਮਹੀਨੇ ਤੋਂ ਵੱਧ ਸਮਾਂ ਹੋਣ 'ਤੇ ਵੀ ਬੀ.ਡੀ.ਪੀ.ਓ ਨੇ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ | ਜਾਣਕਾਰੀ ਦਿੰਦਿਆਂ ਪਰਮਜੀਤ ਪਤਨੀ ਕਰਮਜੀਤ, ਜਸਵਿੰਦਰ ਕੌਰ ਪਤਨੀ ਅਮਰਜੀਤ, ਸੁਰਿੰਦਰ ਕੌਰ ਪਤਨੀ ਪਰਮਜੀਤ ਤੇ ਰਸ਼ਪਾਲ ਸਿੰਘ (ਸਾਰੇ ਵਾਸੀ ਪਿੰਡ ਸ਼ੇਖੇਵਾਲ) ਨੇ ਦੱਸਿਆ ਕਿ ਅਸੀਂ ਆਪਣੇ ਘਰ ਦਾ ਗੁਜ਼ਾਰਾ ਬੜ੍ਹੀ ਮੁਸ਼ਕਿਲ ਨਾਲ ਚਲਾਉਂਦੇ ਹਾਂ ਤੇ ਸਾਡੇ ਘਰ ਦੀ ਹਾਲਤ ਬਹੁਤ ਹੀ ਮਾੜੀ ਸੀ | ਸਾਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ (ਗਾਡਰ-ਬਾਲਿਆਂ ਦੇ ਪੈਸੇ) ਤਹਿਤ ਗਰਾਂਟ ਦੀ ਕਿਸ਼ਤ ਮਿਲਣ 'ਤੇ ਅਸੀਂ ਆਪਣੇ ਮਕਾਨਾਂ ਦਾ ਕੰਮ ਸ਼ੁਰੂ ਕਰਵਾ ਦਿੱਤਾ, ਪਰ ਲੰਮਾ ਸਮਾਂ ਬੀਤਣ 'ਤੇ ਵੀ ਸਾਨੂੰ ਗਰਾਂਟਾਂ ਦੀਆਂ ਅਗਲੀਆਂ ਕਿਸ਼ਤਾਂ ਨਹੀਂ ਪਾਈਆਂ ਜਾ ਰਹੀਆਂ, ਜਿਸ ਕਾਰਨ ਸਾਡੇ ਮਕਾਨ ਦਾ ਕੰਮ ਅੱਧ ਵਿਚਾਲੇ ਰੁਕਿਆ ਪਿਆ ਹੈ | ਉਨ੍ਹਾਂ ਦੱਸਿਆ ਕਿ ਬੀ.ਡੀ.ਪੀ.ਓ ਦਫ਼ਤਰ ਸ਼ਾਹਕੋਟ 'ਚ ਤਾਇਨਾਤ ਕੰਪਿਊਟਰ ਆਪ੍ਰੇਟਰ ਸੰਦੀਪ ਵਲੋਂ ਗਰਾਂਟਾਂ ਦੀਆਂ ਅਗਲੀਆਂ ਕਿਸ਼ਤਾਂ ਪਾਉਣ ਲਈ ਮਕਾਨ ਦੀਆਂ ਫੋਟੋਆਂ 'ਤੇ ਹੋਰ ਕਾਰਵਾਈ ਨਾ ਪੂਰੀ ਕਰਕੇ ਸਾਨੂੰ ਖ਼ੱਜਲ-ਖ਼ੁਆਰ ਕੀਤਾ ਜਾ ਰਿਹਾ ਹੈ | ਜਦ ਅਸੀਂ ਕੰਪਿਊਟਰ ਆਪ੍ਰੇਟਰ ਨੂੰ ਗਰਾਂਟਾਂ ਦੇ ਪੈਸੇ ਪਾਉਣ ਲਈ ਮਿਲੇ ਤਾਂ ਉਸ ਵਲੋਂ ਸਾਡੇ ਕੋਲੋਂ 2-2 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ | ਉਨ੍ਹਾਂ ਕਿਹਾ ਕਿ ਸਾਡੀ ਹਾਲਤ ਪਹਿਲਾਂ ਹੀ ਬਹੁਤ ਮਾੜੀ ਹੈ ਤੇ ਅਸੀਂ ਰਿਸ਼ਵਤ ਨਹੀਂ ਦੇ ਸਕਦੇ | ਵਾਰ-ਵਾਰ ਕਹਿਣ 'ਤੇ ਵੀ ਜਦ ਕੰਪਿਊਟਰ ਆਪ੍ਰੇਟਰ ਵਲੋਂ ਸਾਨੂੰ ਗਰਾਂਟ ਦੀ ਅਗਲੀ ਕਿਸ਼ਤ ਦੇਣ ਸੰਬੰਧੀ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਤਾਂ ਸਾਡੇ ਵਲੋਂ ਹਲਫ਼ੀਆ ਬਿਆਨ ਦੇ ਕੇ ਕੰਪਿਊਟਰ ਆਪ੍ਰੇਟਰ ਖ਼ਿਲਾਫ਼ ਬੀ.ਡੀ.ਪੀ.ਓ ਸ਼ਾਹਕੋਟ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ | ਸ਼ਿਕਾਇਤ ਕੀਤੇ ਨੂੰ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਬੀ.ਡੀ.ਪੀ.ਓ ਸ਼ਾਹਕੋਟ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ | ਇਹ ਸਾਰੇ ਆਪਸ ਵਿਚ ਮਿਲੇ ਹੋਏ ਹਨ ਤੇ ਗਰਾਂਟਾਂ ਦੀਆਂ ਕਿਸ਼ਤਾਂ ਨਾ ਪਾ ਕੇ ਸਾਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਰਿਸ਼ਵਤ ਮੰਗਣ ਵਾਲੇ ਕੰਪਿਊਟਰ ਆਪ੍ਰੇਟਰ ਤੇ ਇਸ ਦੇ ਨਾਲ ਮਿਲੇ ਅਧਿਕਾਰੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਆਵਾਸ ਯੋਜਨਾ ਤਹਿਤ ਸਾਨੂੰ ਗਰਾਂਟਾਂ ਦੀਆਂ ਅਗਲੀਆਂ ਕਿਸ਼ਤਾਂ ਜਾਰੀ ਕਰਵਾਈਆਂ ਜਾਣ |

Ad Position 22
No active advertisement
ਪਿਛਲੀ ਖ਼ਬਰ ਫ਼ਰਦ ਕੇਂਦਰ ਦੇ ਮੁਲਾਜ਼ਮਾਂ ਨੇ ਸ਼ੁਰੂ ਕੀਤੀ ਕਲਮਛੋੜ ਹੜਤਾਲ <br/> ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਅਸਥਾਨ ਨਵਾਂ ਕਿਲ੍ਹਾ ਵਿਖੇ ਜੋੜ ਮੇਲਾ 9 ਤੋਂ
Ad Position 24