ਜਲੰਧਰ, 31 ਅਗਸਤ (ਸ਼ਿਵ)- ਇਸ ਵਾਰ ਲਗਾਤਾਰ ਪੈ ਰਹੇ ਮੀਂਹ ਨੇ ਹਰ ਪਾਸੇ ਕਹਿਰ ਪਾਇਆ ਹੈ ਤੇ ਲਗਾਤਾਰ ਮੀਂਹ ਨਾਲ ਜਨਜੀਵਨ ਤਾਂ ਪ੍ਰਭਾਵਿਤ ਹੋ ਰਿਹਾ ਹੈ | ਇਸ ਵਾਰ ਸੜਕਾਂ ਦੀ ਹਾਲਤ ਕਾਫ਼ੀ ਖ਼ਰਾਬ ਹੋ ਗਈ ਹੈ | ਰੋਜ਼ਾਨਾ ਹੀ ਮੀਂਹ ਪੈਣ ਨਾਲ ਤਾਂ ਨਗਰ ਨਿਗਮ ਨੂੰ ਇਨ੍ਹਾਂ ਦੀ ਮੁਰੰਮਤ ਕਰਨ ਦਾ ਸਮਾਂ ਵੀ ਨਹੀਂ ਮਿਲ ਰਿਹਾ ਹੈ ਤੇ ਦੇਖਿਆ ਜਾ ਰਿਹਾ ਹੈ ਕਿ ਟੁੱਟੀਆਂ ਸੜਕਾਂ ਤੋਂ ਦੁਖੀ ਲੋਕ ਆਪ ਹੀ ਟੁੱਟੀਆਂ ਸੜਕਾਂ 'ਤੇ ਮਲਬਾ ਪੁਆ ਕੇ ਲੋਕਾਂ ਦੇ ਲੰਘਣ ਜੋਗਾ ਕਰ ਰਹੇ ਹਨ | ਕੁੱਝ ਦਿਨ ਪਹਿਲਾਂ ਸ੍ਰੀ ਗੁਰੂ ਰਵਿਦਾਸ ਚੌਕ ਦੀਆਂ ਕਾਫ਼ੀ ਜ਼ਿਆਦਾ ਖ਼ਰਾਬ ਹੋਈਆਂ ਸੜਕਾਂ ਵਿਚ ਪਏ ਟੋਇਆਂ ਵਿਚ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਵਲੋਂ ਮਲਬਾ ਪੁਆਇਆ ਗਿਆ ਸੀ ਪਰ ਇਸ ਦੇ ਬਾਵਜੂਦ ਲਗਾਤਾਰ ਮੀਂਹ ਨਾਲ ਟੋਇਆਂ 'ਚ ਪਾਇਆ ਜਾ ਰਿਹਾ ਮਲਬਾ ਵੀ ਪਾਣੀ ਨਾਲ ਰੁੜ੍ਹ ਜਾਂਦਾ ਹੈ | ਸੜਕਾਂ ਦੇ ਟੁੱਟਣ ਤੋਂ ਇਲਾਵਾ ਜ਼ਿਆਦਾ ਸਮਾਂ ਤੱਕ ਲੀਕੇਜ ਵੀ ਵਧ ਗਈ ਹੈ ਤੇ ਕਈ ਥਾਵਾਂ 'ਤੇ ਸੜਕਾਂ ਵੀ ਧਸ ਰਹੀਆਂ ਹਨ | ਫੁੱਟਬਾਲ ਚੌਕ ਜਿੱਥੇ ਕਿ ਪਹਿਲਾਂ ਵੀ ਇੱਕ ਵਾਰ ਸੜਕ ਦਾ ਹਿੱਸਾ ਧਸ ਗਿਆ ਸੀ ਤਾਂ ਹੁਣ ਦੁਬਾਰਾ ਚੌਕ ਦੇ ਕੋਲ ਹੀ ਹੋਰ ਜ਼ਿਆਦਾ ਹਿੱਸਾ ਚੌੜਾ ਹੋ ਗਿਆ ਹੈ ਜਿਸ ਕਰਕੇ ਕੋਈ ਹਾਦਸਾ ਹੋਣ ਦੀ ਸ਼ੰਕਾ ਬਣੀ ਹੋਈ ਹੈ | ਲੋਕਾਂ ਨੇ ਇਸ ਥਾਂ 'ਤੇ ਹਾਦਸੇ ਤੋਂ ਬਚਾਉਣ ਲਈ ਬੈਰੀਕੇਡ ਲਗਾ ਦਿੱਤੇ ਹਨ | ਇਸ ਤਰ੍ਹਾਂ ਨਾਲ ਹੋਰ ਵੀ ਕਈ ਥਾਵਾਂ 'ਤੇ ਸੜਕਾਂ ਧਸ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ | ਦੂਜੇ ਪਾਸੇ ਸਤੰਬਰ 'ਚ ਸੜਕਾਂ ਦੀ ਮੁਰੰਮਤ ਹੋਣ ਦਾ ਕੰਮ ਸ਼ੁਰੂ ਕੀਤਾ ਜਾਣਾ ਸੀ ਪਰ ਹੁਣ ਮੌਸਮ ਮਾਹਿਰਾਂ ਵਲੋਂ ਸਤੰਬਰ ਵਿਚ ਵੀ ਜ਼ਿਆਦਾ ਬਰਸਾਤਾਂ ਹੋਣ ਦੀ ਭਵਿੱਖਬਾਣੀ ਕੀਤੀ ਹੈ ਜਿਸ ਕਰਕੇ ਲੋਕਾਂ ਨੂੰ ਸਤੰਬਰ ਮਹੀਨੇ ਵਿਚ ਵੀ ਕਾਫ਼ੀ ਪੇ੍ਰਸ਼ਾਨ ਹੋਣਾ ਪੈ ਸਕਦਾ ਹੈ ਕਿਉਂਕਿ ਸਤੰਬਰ ਮਹੀਨੇ 'ਚ ਸੜਕਾਂ ਦੀ ਮੁਰੰਮਤ ਹੋਣ ਦੀ ਸੰਭਾਵਨਾ ਅਜੇ ਤੱਕ ਨਜ਼ਰ ਨਹੀਂ ਆ ਰਹੀ ਹੈ |