ਸ਼ਾਹਕੋਟ, 31 ਅਗਸਤ (ਸੁਖਦੀਪ ਸਿੰਘ)- ਸ੍ਰੀ ਹਰਿਨਾਮ ਸੰਕੀਰਤਨ ਮੰਡਲੀ, ਸ਼ਾਹਕੋਟ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਰਾਧਾ ਅਸ਼ਟਮੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ | ਇਸ ਮੌਕੇ ਸ੍ਰੀ ਹਰਿਨਾਮ ਸੰਕੀਰਤਨ ਮੰਦਿਰ (ਭਵਨ), ਸ਼ਾਹਕੋਟ ਵਿਖੇ ਅਖੰਡ ਸੰਕੀਰਤਨ ਕਰਵਾਇਆ ਗਿਆ ਜਿਸ ਦੌਰਾਨ ਸ਼ਰਧਾਲੂਆਂ ਨੂੰ ਸ੍ਰੀ ਬਾਂਕੇ ਬਿਹਾਰੀ ਤੇ ਰਾਧਾ ਜੀ ਦੇ ਸੁੰਦਰ ਸ਼ਿੰਗਾਰ ਦਰਸ਼ਨ ਕਰਵਾਏ ਗਏ | ਸਾਰਾ ਦਿਨ ਚੱਲੇ ਸਮਾਗਮ ਦੌਰਾਨ ਸ੍ਰੀ ਹਰਿਨਾਮ ਸੰਕੀਰਤਨ ਮੰਡਲੀ ਵਲੋਂ ਕੀਰਤਨ ਕੀਤਾ ਗਿਆ | ਸ੍ਰੀ ਹਰਿਨਾਮ ਸੰਕੀਰਤਨ ਮੰਡਲੀ ਦੇ ਪ੍ਰਧਾਨ ਸਤੀਸ਼ ਭਾਰਦਵਾਜ ਤੇ ਸ੍ਰੀ ਹਰਿਨਾਮ ਸੰਕੀਰਤਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਤਰਸੇਮ ਅਗਰਵਾਲ ਸੀ.ਏ. ਨੇ ਸ਼ਰਧਾਲੂਆਂ ਨੂੰ ਸ੍ਰੀ ਰਾਧਾ ਅਸ਼ਟਮੀ ਦੀ ਵਧਾਈ ਦਿੱਤੀ | ਸਮਾਗਮ ਦੀ ਸਮਾਪਤੀ ਮੌਕੇ ਸ਼ਾਮ ਸਮੇਂ ਆਰਤੀ ਹੋਈ, ਉਪਰੰਤ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਗਿਆ |